Amritsar : ਘੱਲੂਘਾਰਾ ਦਿਵਸ ਮੌਕੇ ਜਥੇਦਾਰ ਗਿਆਨੀ ਗੜਗੱਜ ਨੇ ਨਹੀਂ ਪੜ੍ਹਿਆ ਕੌਮ ਦੇ ਨਾਮ ‘ਤੇ ਸੰਦੇਸ਼
“ਸਿੱਖ ਕੌਮ ਨੂੰ ਆਪਸੀ ਮਤਭੇਦ ਛੱਡ ਕੇ ਇਕਜੁੱਟ ਹੋਣਾ ਚਾਹੀਦਾ: ਗਿਆਨੀ ਕੁਲਦੀਪ ਸਿੰਘ ਗੜਗੱਜ

ਅੰਮ੍ਰਿਤਸਰ, 6 ਜੂਨ (ਵਿਸ਼ਵ ਵਾਰਤਾ): ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਸ਼ਬਦ ਕੀਰਤਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅਰਦਾਸ ਕੀਤੀ ਗਈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਘੱਲੂਘਾਰਾ ਸਮਾਗਮ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਰਦਾਸ ਜ਼ਰੀਏ ਹੀ ਕੌਮ ਨੂੰ ਸੰਦੇਸ਼ ਦੇ ਦਿੱਤਾ ਹੈ।
ਉਨ੍ਹਾਂ ਕਿਹਾ ਕਿ “ਅੱਜ ਤੀਜੇ ਘੱਲੂਘਾਰੇ ਨੂੰ ਯਾਦ ਕੀਤਾ ਜਾ ਰਿਹਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕੀਤਾ ਗਿਆ ਸੀ। ਸਮੁੱਚੇ ਖਾਲਸਾ ਪੰਥ , ਸਮੂਹ ਨਾਨਕ ਨਾਮ ਲੇਵਾ ਸੰਗਤ ਨੇ ਸ਼ਹੀਦਾਂ ਨੂੰ ਇਕਜੁੱਟ ਹੋ ਕੇ ਯਾਦ ਕੀਤਾ। ਅੱਜ ਸਿੱਖ ਕੌਮ ਨੂੰ ਆਪਸੀ ਮਤਭੇਦ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਇਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਅੱਗੇ ਵੱਡੀਆਂ ਚੁਣੋਤੀਆਂ ਹਨ। ਸ਼ਹੀਦਾਂ ਨੂੰ ਯਾਦ ਕਰਦਿਆਂ ਏਕੇ ਦੀ ਅਪੀਲ ਕਰਦਾ ਹਾਂ, ਤਾਂ ਜੋ ਇਸ ਖਿੱਤੇ ‘ਚ ਸ਼ਾਂਤੀ ਬਣੀ ਰਹੇ, ਭਾਈਚਾਰਾ ਇਤਫ਼ਾਕ ਮੁਹੱਬਤ ਸ਼ਾਂਤੀ ਰਹਿਣੀ ਚਾਹੀਦੀ ਹੈ। ਗੁਰੂ ਸਾਹਿਬ ਦਾ ਲੱਖ ਲੱਖ ਸ਼ੁਕਰਾਨਾ।”






















