Amritsar ‘ਚ Double murder : ਪਿਓ ਨੇ ਧੀ ਤੇ ਉਸਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

ਅੰਮ੍ਰਿਤਸਰ, 4 ਜੂਨ (ਵਿਸ਼ਵ ਵਾਰਤਾ): ਅੰਮ੍ਰਿਤਸਰ (Amritsar ) ‘ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਇਥੇ ਇਕ ਵਿਅਕਤੀ ਵੱਲੋਂ ਦੋਹਰੇ ਕਤਲ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਪਿਓ ਨੇ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਦੋਹਰੇ ਕਤਲ ਤੋਂ ਬਾਅਦ ਉਸਨੇ ਠਾਣੇ ਜਾ ਕੇ ਵਾਰਦਾਤ ਨੂੰ ਕਬੂਲਿਆ ਅਤੇ ਆਤਮ ਸਮਰਪਣ ਕੀਤਾ।
ਮ੍ਰਿਤਕਾਂ ਦੀ ਪਛਾਣ ਜੋਬਨਦੀਪ ਸਿੰਘ (24) ਅਤੇ ਸੁਖਪ੍ਰੀਤ ਕੌਰ (23) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਸਿੰਘ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਅਤੇ ਜੋਬਨਦੀਪ ਸਿੰਘ (24) ਵਿਚਾਲੇ ਪ੍ਰੇਮ ਸਬੰਧ ਸਨ। ਜੋਬਨਦੀਪ ਸਿੰਘ ਪਿੰਡ ਬੋਪਾਰਾਏ ਬਾਜ ਸਿੰਘ ਵਿਖੇ ਟਰੈਕਟਰ ਟਰਾਲੀ ਰਾਹੀਂ ਮਿੱਟੀ ਪਾਉਣ ਦਾ ਕੰਮ ਕਰਦਾ ਸੀ। ਇਸ ਕੰਮ ਦੌਰਾਨ ਹੀ ਉਸ ਦਾ ਗੁਰਦਿਆਲ ਸਿੰਘ ਦੇ ਘਰ ਆਉਣਾ ਜਾਣਾ ਹੋ ਗਿਆ ਸੀ। ਇਸ ਦੌਰਾਨ ਉਸ ਦੇ ਕੁੜੀ ਨਾਲ ਪ੍ਰੇਮ ਸਬੰਧ ਬਣ ਗਏ, ਜਿਸ ਦਾ ਪਿਤਾ ਵੱਲੋਂ ਵਿਰੋਧ ਕੀਤਾ ਗਿਆ।
ਦੋਵੇਂ ਐਤਵਾਰ ਨੂੰ ਘਰੋਂ ਭੱਜ ਗਏ ਸਨ। ਗੁਰਦਿਆਲ ਅਤੇ ਉਸਦਾ ਪਰਿਵਾਰ ਉਨ੍ਹਾਂ ਨੂੰ ਲੱਭ ਰਹੇ ਸਨ। ਸੋਮਵਾਰ ਨੂੰ ਦੋਵੇਂ ਕੋਰਟ ਮੈਰਿਜ ਕਰਵਾਉਣ ਲਈ ਅਦਾਲਤ ਗਏ ਸਨ। ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਉੱਥੇ ਦੇਖਿਆ ਅਤੇ ਸੁਖਪ੍ਰੀਤ ਦੇ ਪਰਿਵਾਰ ਨੂੰ ਸੂਚਿਤ ਕੀਤਾ। ਸੁਖਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਮਨਾ ਲਿਆ ਅਤੇ ਦੋਹਾਂ ਦਾ ਵਿਆਹ ਕਰਵਾਉਣ ਦੀ ਗੱਲ ਵੀ ਕਹੀ। ਜਿਸ ਤੋਂ ਬਾਅਦ ਦੋਵੇਂ ਘਰ ਵਾਪਸ ਆ ਗਏ। ਘਰ ਪਰਤਦਿਆਂ ਹੀ ਕੁੜੀ ਦੇ ਪਿਤਾ ਗੁਰਦਿਆਲ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਓਨਾ ਦਾ ਕਤਲ ਕਰ ਦਿੱਤਾ।
ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























