IPL ਫਾਈਨਲ ਤੋਂ ਪਹਿਲਾਂ ਅਹਿਮਦਾਬਾਦ ‘ਚ ਮੀਂਹ ਸ਼ੁਰੂ
– ਮੈਚ ਦੌਰਾਨ ਕਿਹੋ ਜਿਹਾ ਰਹੇਗਾ ਮੌਸਮ ? ਪੜੋ ਵੱਡੀ ਅਪਡੇਟ

ਨਵੀ ਦਿੱਲੀ, 3 ਜੂਨ (ਵਿਸ਼ਵ ਵਾਰਤਾ): ਆਈਪੀਐਲ ਦੇ 18 ਵੇਂ ਸੀਜ਼ਨ ਦਾ ਅੱਜ ਫਾਈਨਲ ਅਤੇ ਆਖਰੀ ਦਿਨ ਹੈ। ਆਈਪੀਐਲ 2025 ਦਾ ਫਾਈਨਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਇੱਕ ਅਜਿਹਾ ਫਾਈਨਲ ਹੋਣ ਜਾ ਰਿਹਾ ਹੈ, ਜਿਸਦੀ ਪ੍ਰਸ਼ੰਸਕ ਪਿਛਲੇ ਕਈ ਸਾਲਾਂ ਤੋਂ ਉਡੀਕ ਕਰ ਰਹੇ ਹਨ। ਕਿਉਕਿ ਅੱਜ ਨਾ ਸਿਰਫ਼ ਲੰਬੇ ਸਮੇਂ ਬਾਅਦ ਇੱਕ ਨਵਾਂ ਚੈਂਪੀਅਨ ਚੁਣਿਆ ਜਾਵੇਗਾ, ਸਗੋਂ ਦੋ ਅਜਿਹੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਜੋ ਪਹਿਲੇ ਸੀਜ਼ਨ ਤੋਂ ਲੀਗ ਦਾ ਹਿੱਸਾ ਰਹੀਆਂ ਹਨ ਅਤੇ ਅੱਜ ਤੱਕ ਖਿਤਾਬ ਨਹੀਂ ਜਿੱਤ ਸਕੀਆਂ ਹਨ।
ਪਰ ਦੱਸ ਦਈਏ ਕਿ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਮੈਚ ਤੋਂ ਪਹਿਲਾਂ ਅਹਿਮਦਾਬਾਦ ਵਿੱਚ ਮੀਂਹ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 3 ਘੰਟਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਓਧਰ, ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਫਾਈਨਲ ਦੇ ਮੱਦੇਨਜ਼ਰ, ਹਵਾਈ ਕਿਰਾਏ ਵਿੱਚ ਵੀ ਚਾਰ ਗੁਣਾ ਤੱਕ ਵਾਧਾ ਹੋਇਆ ਹੈ। ਫਾਈਨਲ ਦੇਖਣ ਲਈ ਕਈ ਮਸ਼ਹੂਰ ਹਸਤੀਆਂ ਅਤੇ ਬਾਲੀਵੁੱਡ ਸਿਤਾਰੇ ਆਉਣਗੇ। ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਮੈਚ ਦੇਖਣ ਲਈ ਆਉਣਗੇ। ਵੈਸਟ ਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਨੂੰ ਵੀ ਹਵਾਈ ਅੱਡੇ ‘ਤੇ ਦੇਖਿਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























