Punjab ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਅੱਜ
ਪੁੱਤ ਦੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ
ਪਰਿਵਾਰ ਤੇ ਪ੍ਰਸ਼ੰਸ਼ਕ ਅੱਜ ਵੀ ਨਿਆਂ ਦੀ ਉਡੀਕ ‘ਚ

ਮਾਨਸਾ, 29 ਮਈ (ਵਿਸ਼ਵ ਵਾਰਤਾ): ਅੱਜ 29 ਮਈ ਨੂੰ ਮਰਹੂਮ ਪੰਜਾਬੀ ਗਾਇਕ (Punjab) ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਹੈ। ਭਾਵੇਂ ਸਿੱਧੂ ਮੂਸੇਵਾਲਾ ਵਾਲਾ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਉਸਦੇ ਚਾਹੁਣ ਵਾਲਿਆਂ ਦੇ ਦਿਲਾਂ ਅੰਦਰ ਜ਼ਿੰਦਾ ਹੈ। ਪਰਿਵਾਰ ਅਤੇ ਪ੍ਰਸ਼ੰਸ਼ਕ ਅੱਜ ਵੀ ਉਸਨੂੰ ਯਾਦ ਕਰਦੇ ਹਨ। ਪੁੱਤ ਦੀ ਤੀਜੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਯਾਦ ਕੀਤਾ ਹੈ

ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਵਿੱਚ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਬਿਨਾਂ ਸੁਰੱਖਿਆ ਦੇ ਕਾਲੀ ਥਾਰ ਕਾਰ ਵਿੱਚ ਆਪਣੇ ਘਰੋਂ ਨਿਕਲਿਆ ਸੀ। ਜਿਸ ਤੋਂ ਬਾਅਦ ਬਦਮਾਸ਼ਾਂ ਨੇ ਉਸਨੂੰ ਜਵਾਹਰਕੇ ਪਿੰਡ ਵਿੱਚ ਘੇਰ ਲਿਆ ਅਤੇ ਤਾਬੜਤੋੜ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 19 ਗੋਲੀਆਂ ਸਿੱਧੂ ਨੂੰ ਲੱਗੀਆਂ। ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਇਸ ਤੋਂ ਬਾਅਦ ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜਸ਼ੀਟ ਦਾਇਰ ਕੀਤੀ ਹੈ। 30 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਫਿਰ ਵੀ ਮੁੱਖ ਦੋਸ਼ੀ ਅਜੇ ਵੀ ਸਜ਼ਾ ਤੋਂ ਦੂਰ ਹਨ। ਸਿੱਧੂ ਦਾ ਪਰਿਵਾਰ ਅਤੇ ਪ੍ਰਸ਼ੰਸਕ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਸਿੱਧੂ ਦੇ ਪ੍ਰਸ਼ੰਸਕਾਂ, ਸਮਰਥਕਾਂ ਅਤੇ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























