Latest News: ਮੈਂ ਹਰ ਰੋਜ ਅੱਜ ਵੀ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ – ਏ.ਐਸ. ਰਾਏ
– ਆਪਣੇ ਆਪ ਵਿਚ ਵਿਸ਼ਵਾਸ਼ ਪੈਦਾ ਕਰਨਾ, ਤੁਹਾਡੀ ਸਭ ਤੋਂ ਵੱਡੀ ਜਿੱਤ ਹੋਵੇਗੀ
ਪਟਿਆਲਾ, 25 ਮਈ (ਵਿਸ਼ਵ ਵਾਰਤਾ): ਏ.ਐਸ. ਰਾਏ ਨੇ ਇਸ ਮੌਕੇ ਆਖਿਆ ਕਿ ਐਜੂਕੇਸ਼ਨ ਦੇ ਨਾਲ ਨਾਲ ਜੀਵਨ ਦੀ ਸਚਾਈ ਨੂੰ ਜਾਨਣਾ ਵੀ ਬੇਹਦ ਜਰੂਰੀ ਹੈ। ਐਜੂਕੇਸ਼ਨ ਗੁਣਾ ‘ਚ ਸਹਾਈ ਹੁੰਦੀ ਹੈ। ਏਐਸ ਰਾਏ ਨੇ ਆਖਿਆ ਕਿ ਮੈਂ ਅੱਜ ਵੀ ਹਰ ਰੋਜ ਨਵਾਂ ਸਿਖਣ ਦੀ ਕੋਸ਼ਿਸ਼ ਕਰਦਾ ਹਾਂ। ਸਾਰੀ ਜਿੰਦਗੀ ਸਿਖਣ ਲਈ ਥੋੜੀ ਹੈ। ਜੇਕਰ ਸਮਸਿਆ ਦੀ ਜੜ੍ਹ ਫੜ ਲਵੋਗੇ ਤਾਂ ਜਿੰਦਗੀ ਸਫਲ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਸਿਖਣ ਲਈ ਜਿੰਦਗੀ ਵਿਚ ਝਿਜਕ ਤੇ ਦੁਵਿਧਾ ਖਤਮ ਕਰਨੀਆਂ ਬੇਹਦ ਜਰੂਰੀ ਹੈ। ਜਿੰਦਗੀ ਵਿਚ ਸਫਲ ਹੋਣ ਲਈ ਹਰ ਬੱਚੇ ਨੂੰ ਦੁਵਿਧਾ ਖਤਮ ਕਰਕੇ ਫਾਈਨਲ ਡਸੀਜਨ ‘ਤੇ ਪੁੱਜਣਾ ਪਵੇਗਾ। ਉਨ੍ਹਾਂ ਆਪਣੀ ਜਿੰਦਗੀ ਦੇ ਤਜੁਰਬੇ ਸਾਂਝੇ ਕਰਦਿਆਂ ਆਖਿਆ ਕਿ 10ਵੀ ਵਿਚ ਉਨ੍ਹਾਂ ਸਭ ਤੋਂ ਜਿਆਦਾ ਨੰਬਰ ਪ੍ਰਾਪਤ ਕੀਤੇ। ਫਿਰ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਆਈ.ਆਈ.ਟੀ. ਲਈ ਤਿਆਰ ਕਰਨ ਲਗੇ ਪਰ ਉਨ੍ਹਾਂ ਨੇ ਆਪਣਾ ਰਸਤਾ ਖੁਦ ਸਿਵਲ ਸਰਵਿਸਿਜ ਚੁਣਿਆ ਅਤੇ ਉਸਨੂੰ ਕਲੀਅਰ ਕੀਤਾ। ਉਨ੍ਹਾਂ ਆਖਿਆ ਕਿ ਸਿਵਲ ਸਰਵਿਸ ਦੀ ਤਿਆਰੀ ਵੀ ਉਨ੍ਹਾਂ ਚੰਡੀਗੜ ਵਿਚ ਰਹਿ ਕੇ ਕੀਤੀ, ਦਿੱਲੀ ਨਹੀ। ਇਸ ਲਈ ਜੇਕਰ ਬੱਚੇ ਆਪਣਾ ਟੀਚਾ ਚੁਣ ਲੈਣਗੇ ਤਾਂ ਉਨਾਂ ਨੂੰ ਆਈ.ਏ.ਐਸ ਜਾਂ ਆਈ.ਪੀ.ਐਸ ਬਣਨ ਤੋਂ ਕੋਈ ਨਹੀ ਰੋਕ ਸਕਦਾ। ਉਨ੍ਹਾਂ ਬਚਿਆਂ ਨੂੰ ਆਖਿਆ ਕਿ ਹਰ ਕੰਮ ਵਿਚ ਪੂਰੀ ਮੁਹਾਰਤ ਹਾਸਲ ਕਰੋ। ਖੁਦ ਵਿਦਿਆ ਪ੍ਰਾਪਤ ਕਰਕੇ ਦੂਸਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰੋ। ਸਰਬਤ ਦਾ ਭਲਾ ਕਰਨ ਵਾਲੇ ਗੁਣ ਜਿੰਦਗੀ ਵਿਚ ਲਿਆਉਣੇ ਬੇਹਦ ਜਰੂਰੀ ਹਨ। ਇਸ ਮੌਕੇ ਉਨ੍ਹਾਂ ਬਚਿਆਂ ਦੇ ਸਵਾਲਾਂ ਦੇ ਵੀ ਖੁੱਲ੍ਹਕੇ ਜਵਾਬ ਦਿੱਤੇ। ਉਨ੍ਹਾਂ ਆਖਿਆ ਕਿ ਕਿਤਾਬਾਂ ਵੀ ਅਜਿਹੀਆਂ ਪੜੋ ਜਿਹੜੀ ਜਿੰਦਗੀ ਵਿਚ ਤੁਹਾਨੂੰ ਸਫਲ ਹੋਣ ਦੇ ਹੁਨਰ ਸਿਖਾਉਂਦੀਆਂ ਹੋਣ। ਆਪਣੇ ਆਪ ਵਿਚ ਵਿਸ਼ਵਾਸ਼ ਪੈਦਾ ਕਰਨਾ, ਤੁਹਾਡੀ ਸਭ ਤੋਂ ਵੱਡੀ ਜਿੱਤ ਹੋਵੇਗੀ।























