CM ਮਾਨ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਕੀਤੀ ਅਹਿਮ ਪ੍ਰੈੱਸ ਕਾਨਫਰੰਸ
– ਭਾਖੜਾ ਡੈਮ ‘ਤੇ CISF ਸਟਾਫ ਲਗਾਉਣ ਨੂੰ ਲੈ ਕੇ ਭਾਜਪਾ ‘ਤੇ ਵਰ੍ਹੇ ਮੁੱਖ ਮੰਤਰੀ ਮਾਨ
– ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਤੇ ਵੀ ਕੀਤਾ ਤਿੱਖਾ ਸ਼ਬਦੀ ਹਮਲਾ

ਚੰਡੀਗੜ੍ਹ, 22 ਮਈ (ਵਿਸ਼ਵ ਵਾਰਤਾ): ਭਾਖੜਾ ਡੈਮ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਵੱਲੋਂ ਸੀਆਈਐਸਐਫ ਦੀ ਤਾਇਨਾਤੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਇਸਦਾ ਸਿੱਧਾ ਵਿਰੋਧ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਭਾਖੜਾ ਡੈਮ ‘ਤੇ 296 ਸੀਆਈਐਸਐਫ ਜਵਾਨਾਂ ਨੂੰ ਤਾਇਨਾਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਦੇ (CM) ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ‘ਤੇ ਅੱਜ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਅਤੇ ਪੰਜਾਬ ਭਾਜਪਾ ਨੂੰ ਆਪਣੀ ਸਥਿਤੀ ਸਪਸ਼ੱਟ ਕਰਨ ਲਈ ਵੀ ਆਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਹਰਿਆਣਾ ਦੇ ਹਿੱਸੇ ਦਾ ਪਾਣੀ ਛੱਡ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਫਿਰ ਪੰਜਾਬ ‘ਤੇ ਹਮਲਾ ਕੀਤਾ ਹੈ। 296 ਸੀਆਈਐਸਐਫ ਜਵਾਨ ਤਾਇਨਾਤ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ ।ਹਰੇਕ ਕਰਮਚਾਰੀ ‘ਤੇ ਪ੍ਰਤੀ ਸਾਲ 2.90 ਲੱਖ ਰੁਪਏ ਖਰਚ ਹੋਵੇਗਾ। ਇਸ ਅਨੁਸਾਰ, ਬੀਬੀਐਮਬੀ ਜਾਂ ਪੰਜਾਬ ਕੇਂਦਰ ਨੂੰ 8.58 ਕਰੋੜ ਰੁਪਏ ਦੇਵੇਗਾ। ਉਨ੍ਹਾਂ ਕਿਹਾ ਕਿ ਇਸਦੀ ਕੀ ਲੋੜ ਸੀ। ਜਦ ਪੰਜਾਬ ਪੁਲਿਸ ਇਹ ਕੰਮ ਮੁਫ਼ਤ ਵਿੱਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਆਗੂਆਂ ਨੇ ਭਾਖੜਾ ਨਹਿਰ ਵਿਵਾਦ ‘ਤੇ ਸਰਬ ਪਾਰਟੀ ਸੰਮੇਲਨ ਵਿੱਚ ਵੀ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦੇਣਗੇ। ਭਾਜਪਾ ਆਗੂ ਦੱਸਣਗੇ ਕਿ ਕੀ ਇਹ ਪੱਤਰ ਉਨ੍ਹਾਂ ਦੀ ਸਹਿਮਤੀ ਨਾਲ ਆਇਆ ਹੈ। ਉਨ੍ਹਾਂ ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਵਨੀਤ ਸਿੰਘ ਬਿੱਟੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਿਆ ਕਿ ਕੀ ਇਹ ਪੱਤਰ ਤੁਹਾਡੀ ਸਹਿਮਤੀ ਨਾਲ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























