Punjab : ‘ਛੋਟਾ ਘੱਲੂਘਾਰਾ’ ਦੇ ਸਮੂਹ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ: ਮੁੱਖ ਮੰਤਰੀ ਮਾਨ
ਚੰਡੀਗੜ੍ਹ, 16 ਮਈ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਘੱਲੂਘਾਰੇ ਦੌਰਾਨ ਕਾਹਨੂੰਵਾਲ ਦੀ ਛੰਭ ’ਚ ਸ਼ਹੀਦ ਹੋਏ ਸਮੂਹ ਸਿੰਘ-ਸਿੰਘਣੀਆਂ ਨੂੰ ਪ੍ਰਣਾਮ ਕੀਤਾ ਹੈ ਉਨ੍ਹਾਂ ਟਵੀਟ ਕੀਤਾ ਕਿ “ਮਈ 1746 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਦੀ ਛੰਭ ਵਿਖੇ ਵਾਪਰੇ ਖੂਨੀ ਸਾਕੇ ‘ਛੋਟਾ ਘੱਲੂਘਾਰਾ’ ਦੇ ਸਮੂਹ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। ਹਜ਼ਾਰਾਂ ਸਿੰਘਾਂ ਵੱਲੋਂ ਦਿੱਤੀ ਸ਼ਹਾਦਤ ਕੌਮ ਨੂੰ ਹਮੇਸ਼ਾ ਜ਼ੁਲਮ ਖ਼ਿਲਾਫ਼ ਡਟਣ ਲਈ ਪ੍ਰੇਰਦੀ ਰਹੇਗੀ।”

18ਵੀਂ ਸਦੀ ਦੇ ਮੱਧ ਦੌਰਾਨ ਕਾਹਨੂੰਵਾਲ ਦੀ ਛੰਭ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨੂੰ ‘ਪਹਿਲਾ ਘੱਲੂਘਾਰਾ’ ਜਾਂ ‘ਛੋਟਾ ਘੱਲੂਘਾਰਾ’ ਕਿਹਾ ਜਾਂਦਾ ਹੈ। ਦੀਵਾਨ ਲਖਪਤ ਰਾਇ ਦਾ ਭਰਾ ਦੀਵਾਨ ਜਸਪਤ ਰਾਇ ਸਿੰਘਾਂ ਹੱਥੋਂ ਮਾਰਿਆ ਗਿਆ। ਇਸ ਦੇ ਬਦਲੇ ਵਜੋਂ ਦੀਵਾਨ ਲਖਪਤ ਰਾਇ ਨੇ ਲਾਹੌਰ ਦੇ ਸੂਬੇਦਾਰ ਯਹੀਆ ਖ਼ਾਨ ਦੇ ਹੁਕਮ ਨਾਲ ਸਿੰਘਾਂ ਦੇ ਖ਼ਾਤਮੇ ਵਾਸਤੇ ਸਿੰਘਾਂ ‘ਤੇ ਚੜ੍ਹਾਈ ਕੀਤੀ, ਓਸ ਸਮੇਂ ਸਿੰਘਾਂ ਨੇ ਜੰਗਲਾਂ ਵਿੱਚ ਮੋਰਚੇ ਲਾਏ ਹੋਏ ਸਨ। ਉਸ ਨੂੰ ਖ਼ਬਰ ਮਿਲੀ ਕਿ ਕਾਹਨੂੰਵਾਨ ਦੇ ਜੰਗਲ ਵਿੱਚ ਸਿੰਘ ਭਾਰੀ ਗਿਣਤੀ ‘ਚ ਡੇਰੇ ਲਾਈ ਬੈਠੇ ਹਨ। ਮੁਗ਼ਲ ਫ਼ੌਜ ਦੀ ਗਿਣਤੀ ਸਿੰਘਾਂ ਨਾਲੋਂ ਵਧੇਰੇ ਸੀ ਪਰ ਫੇਰ ਵੀ ਸਿੰਘਾਂ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ। ਇਸ ਮੁੱਠਭੇੜ ਵਿੱਚ ਭਾਰੀ ਨੁਕਸਾਨ ਹੋਇਆ ਤੇ ਵੱਡੀ ਗਿਣਤੀ ’ਚ ਸਿੱਖ ਸ਼ਹੀਦ ਹੋਏ।























