Pahalgam Terror Attack : ਸਿੰਧੂ ਜਲ ਸਮਝੌਤੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ‘ਤੇ ਅਹਿਮ ਮੀਟਿੰਗ ਅੱਜ

ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ) Pahalgam Terror Attack : ਮੰਗਲਵਾਰ ਦੁਪਹਿਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਤਿੰਨ ਦਿਨ ਬਾਅਦ ਵੀਰਵਾਰ ਸ਼ਾਮ ਨੂੰ ਹੋਈ ਸਰਬ-ਪਾਰਟੀ ਮੀਟਿੰਗ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਆਈਬੀ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮੀਟਿੰਗ ਵਿੱਚ ਸੁਰੱਖਿਆ ਵਿੱਚ ਹੋਈ ਕਮੀ ਬਾਰੇ ਜਾਣਕਾਰੀ ਦਿੱਤੀ ਗਈ। ਇਸਦੇ ਨਾਲ ਹੀ ਸਰਕਾਰ ਨੇ ਬੈਠਕ ਵਿਚ ਸ਼ਾਮਲ ਆਗੂਆਂ ਨੂੰ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਰਹਿ ਗਈਆਂ ਖਾਮੀਆਂ ਤੇ ਭਵਿੱਖ ਵਿਚ ਅਜਿਹੀਆਂ ਗ਼ਲਤੀਆਂ ਦੇ ਦੁਹਰਾਅ ਤੋਂ ਬਚਣ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।
ਵੀਰਵਾਰ ਰਾਤ ਨੂੰ, ਭਾਰਤ ਸਰਕਾਰ ਦੇ ਜਲ ਸਰੋਤ ਮੰਤਰਾਲੇ ਦੀ ਸਕੱਤਰ ਦੇਬਾਸ਼੍ਰੀ ਮੁਖਰਜੀ ਨੇ ਪਾਕਿਸਤਾਨ ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ ਕਿਹਾ ਗਿਆ ਹੈ ਕਿ 1960 ਦੀ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਲ ਸਰੋਤ ਸਕੱਤਰ ਦੇਬਾਸ਼੍ਰੀ ਮੁਖਰਜੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸਈਦ ਅਲੀ ਮੁਰਤਜ਼ਾ ਨੂੰ ਲਿਖੇ ਪੱਤਰ ਵਿੱਚ ਉਪਰੋਕਤ ਫੈਸਲੇ ਬਾਰੇ ਸੂਚਿਤ ਕੀਤਾ ਹੈ।

ਇਸ ਦੇ ਨਾਲ ਹੀ ਸਿੰਧੂ ਜਲ ਸਮਝੌਤੇ ‘ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ਸਥਾਨ ‘ਤੇ ਇੱਕ ਮਹੱਤਵਪੂਰਨ ਮੀਟਿੰਗ ਹੋਵੇਗੀ। ਇਸ ਵਿੱਚ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਸਮੇਤ ਕਈ ਕੇਂਦਰੀ ਮੰਤਰੀ ਮੌਜੂਦ ਰਹਿਣਗੇ।

ਇਸ ਤੋਂ ਇਲਾਵਾ ਰਾਹੁਲ ਗਾਂਧੀ ਅੱਜ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਉਹ ਪਹਿਲਗਾਮ ਅੱਤਵਾਦੀ ਹਮਲੇ ਦੇ ਜ਼ਖਮੀਆਂ ਨੂੰ ਮਿਲਣ ਲਈ ਅਨੰਤਨਾਗ ਹਸਪਤਾਲ ਪਹੁੰਚਣਗੇ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵੀ ਅੱਜ ਸ੍ਰੀਨਗਰ ਪਹੁੰਚਣਗੇ। ਹਮਲੇ ਦੇ ਮੱਦੇਨਜ਼ਰ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨਗੇ।
ਗੌਰਤਲਬ ਹੈ ਕਿ 22 ਅਪ੍ਰੈਲ ਦੀ ਦੁਪਹਿਰ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਅੱਤਵਾਦੀਆਂ ਨੇ 26 ਸੈਲਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੈਸਰਨ ਘਾਟੀ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਮੌਜੂਦ ਸਨ। ਮ੍ਰਿਤਕਾਂ ਵਿੱਚ ਯੂਪੀ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਓਡੀਸ਼ਾ ਦੇ ਸੈਲਾਨੀ ਸ਼ਾਮਲ ਹਨ। ਨੇਪਾਲ ਅਤੇ ਯੂਏਈ ਦੇ ਇੱਕ-ਇੱਕ ਸੈਲਾਨੀ ਅਤੇ ਦੋ ਸਥਾਨਕ ਲੋਕਾਂ ਦੀ ਵੀ ਮੌਤ ਹੋ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























