MOHALI : ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਕਹਾਣੀ ਸੰਗ੍ਰਹਿ ‘ਲਾਲ ਰੱਤਾ’ ‘ਤੇ ਕਰਵਾਈ ਗਈ ਵਿਚਾਰ ਚਰਚਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਪ੍ਰੈਲ(ਸਤੀਸ਼ ਕੁਮਾਰ ਪੱਪੀ) MOHALI : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਅੱਜ ਭੁਪਿੰਦਰ ਸਿੰਘ ਮਾਨ ਦੇ ਕਹਾਣੀ ਸੰਗ੍ਰਹਿ ‘ ਲਾਲ ਰੱਤਾ’ ‘ਤੇ ਵਿਚਾਰ ਚਰਚਾ ਕਰਵਾਈ ਗਈ।

ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਮਕਾਲ ਵਿਚ ਲਿਖੀਆਂ ਜਾ ਰਹੀਆਂ ਕਹਾਣੀਆਂ ਆਪਣੇ ਵਿਸ਼ਾ-ਵਸਤੂ ਕਾਰਨ ਵਿਲੱਖਣ ਹਨ।
ਲੇਖਕ ਸੁਰਜੀਤ ਸੁਮਨ ਨੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਕਹਾਣੀਆਂ ਇਕ ਵਿਸ਼ੇ ਵਿਚ ਕਈ ਵਿਸ਼ੇ ਸਮੇਟਦੀਆਂ ਹਨ, ਉਹਨਾਂ ‘ਤੁਖਮ’ ਅਤੇ‘ਵੈਰਾਗ’ ਕਹਾਣੀ ‘ਚੋਂ ਕਈ ਨੁਕਤੇ ਸਾਂਝੇ ਕੀਤੇ। ਇਸ ਉਪਰੰਤ ਉੱਘੇ ਆਲੋਚਕ ਡਾ. ਤੇਜਿੰਦਰ ਸਿੰਘ ਨੇ ਸਾਰੀਆਂ ਕਹਾਣੀਆਂ ਬਾਰੇ ਵਿਸਥਾਰ ਸਹਿਤ ਗੱਲ ਕਰਦੇ ਹੋਏ ਕਿਹਾ ਕਿ ਇਹਨਾਂ ਕਹਾਣੀਆਂ ਵਿਚ ਪੰਜਾਬੀ ਸਮਾਜ ਦੇ ਕਈ ਘਿਨਾਉਣੇ ਪੱਖ ਵੀ ਉਜਾਗਰ ਹੁੰਦੇ ਹਨ। ਉਹਨਾਂ ਨੇ ‘ਤੁਖਮ’ ਕਹਾਣੀ ਬਾਬਤ ਬੋਲਦਿਆਂ ਕਿਹਾ ਕਿ ਅਸੀਂ ਵਿਗਿਆਨਕ ਤਾਂ ਹੋ ਗਏ ਹਾਂ ਪਰ ਵਿਗਿਆਨਕ ਵਿਚਾਰਧਾਰਾ ਨਹੀਂ ਅਪਣਾਈ। ਉਹਨਾਂ ਅਗਾਂਹ ਕਿਹਾ ਕਿ ਇਹਨਾਂ ਕਹਾਣੀਆਂ ਦਾ ਸੁਆਗਤ ਹੋਣਾ ਚਾਹੀਦਾ ਹੈ।
ਇਸ ਉਪਰੰਤ ਉੱਘੇ ਕਹਾਣੀਕਾਰ ਪਰਮਜੀਤ ਮਾਨ ਨੇ ਕਿਹਾ ਕਿ ਕਹਾਣੀ ਸਮਾਜ ਵਿੱਚੋਂ ਹੀ ਉਪਜਦੀ ਹੈ ਅਤੇ ਮਨੁੱਖ ਦੀ ਬਾਤ ਪਾਉਂਦੀ ਹੈ। ਉਹਨਾਂ ਪਹਾੜਾਂ ਦੇ ਸਫ਼ਰ ਦੀ ਕਹਾਣੀ ‘ਹੈਪੀ ਐਂਡਿੰਗ ਦੇ’ ਕਈ ਪੱਖ ਉਭਾਰੇ। ਚਰਚਾ ਦੇ ਅਗਲੇ ਦੌਰ ਵਿਚ ਉੱਘੀ ਕਹਾਣੀਕਾਰਾ ਦੀਪਤੀ ਬਬੂਟਾ ਨੇ ਕਹਾਣੀਆਂ ਵਿਚ ਬੇਲੋੜੇ ਵਿਸਥਾਰ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਕਹਾਣੀ ਵਿਚ ਅਣਕਿਹਾ ਹੋਣਾ ਚਾਹੀਦਾ ਹੈ। ਉਹਨਾਂ ਕਈ ਕਹਾਣੀਆਂ ਦੀ ਬਣਤਰ ਦੀ ਵਡਿਆਈ ਵੀ ਕੀਤੀ।
ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਵੱਖਰੇ ਜਾਵੀਏ ਤੋਂ ਗੱਲ ਕਰਦੇ ਹੋਏ ਕਹਾਣੀਆਂ ਦੀ ਫਿਲਾਸਫੀ, ਆਧੁਨਿਕਤਾ ਤੇ ਨੈਤਿਕਤਾ ਬਾਰੇ ਗੱਲ ਕੀਤੀ। ਉਹਨਾਂ ‘ਇਕ ਮਜ਼ਾਰ ਹੋਰ’ ਕਹਾਣੀ ਬਾਬਤ ਬੋਲਦਿਆਂ ਕਿਹਾ ਕਿ ਇਹ ਸੰਸਥਾਵਾਂ ਆਧੁਨਿਕਤਾ ਨੂੰ ਸਿਖਰ ‘ਤੇ ਲਿਜਾਉਣ ਵਾਲ਼ੀਆਂ ਹਨ।
ਇਸ ਤੋਂ ਬਾਅਦ ਵੱਡੇ ਕਹਾਣੀਕਾਰ ਬਲੀਜੀਤ ਨੇ ‘ਲਾਲ ਰੱਤਾ’ ਕਹਾਣੀ ਸੰਗ੍ਰਹਿ ਬਾਰੇ ਬੋਲਦਿਆਂ ਕਿਹਾ ਕਿ ਇਹ ਕਹਾਣੀਆਂ ਤਜ਼ਰਬੇ ਵਿੱਚੋਂ ਆਈਆਂ ਹਨ, ਹਵਾ ਵਿੱਚੋਂ ਨਹੀਂ; ਲੇਖਕ ਦੀ ਘੁਮੱਕੜੀ ਬਿਰਤੀ ਨੇ ਉਸ ਤੋਂ ਇਹ ਕਹਾਣੀਆਂ ਲਿਖਵਾਈਆਂ ਹਨ। ਚਰਚਾ ਦੇ ਅਗਲੇ ਹਿੱਸੇ ਵਿੱਚ ਵਿਸ਼ੇਸ਼ ਮਹਿਮਾਨ ਤੇ ਪ੍ਰਮੁੱਖ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਕਿਹਾ ਕਿ ਜੇ ਕਹਾਣੀਆਂ ਵਿਚ ਜਾਨ ਸੀ ਤਾਂ ਉਹ ਇੱਥੇ ਤੱਕ ਪਹੁੰਚੀਆਂ ਹਨ। ਉਹਨਾਂ ਉਦਾਹਰਨ ਦਿੰਦੇ ਹੋਏ ਕਿਹਾ ਕਿ ਖਾਲੀ ਬੋਰੀ ਡਿੱਗ ਪੈਂਦੀ ਹੈ। ਜਿਸ ਬੋਰੀ ਵਿਚ ਦਾਣੇ ਹੋਣਗੇ, ਉਹੀ ਖੜ੍ਹੀ ਰਹੇਗੀ।
ਉਹਨਾਂ ‘ਇਕ ਮਜ਼ਾਰ ਹੋਰ’ ਕਹਾਣੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਉੱਘੇ ਕਵੀ, ਵਾਰਤਕਕਾਰ ਗੁਰਦੇਵ ਚੌਹਾਨ ਨੇ ਕਿਹਾ ਕਿ ਇਹਨਾਂ ਕਹਾਣੀਆਂ ਵਿਚ ਪ੍ਰਮਾਣਿਕਤਾ ਹੈ। ਇਹ ਕਹਾਣੀਆਂ ਅਸਲੀ ਤੇ ਵਾਪਰੀਆਂ ਲੱਗਦੀਆਂ ਹਨ। ਆਪਣੇ ਪ੍ਰਧਾਨਗੀ ਭਾਸ਼ਨ ਵਿਚ ਉੱਘੇ ਲੇਖਕ, ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ ਇਹ ਕਹਾਣੀਆਂ ਇਮਾਨਦਾਰ ਹਨ, ਇਹ ਹਊਮੇ ਤੋਂ ਮੁਕਤ ਹਨ। ਉਹਨਾਂ ਅਗਾਂਹ ਕਿਹਾ ਕਿ ਕਹਾਣੀਆਂ ਮੂਲ ਵਿਚ ਉਹਨਾਂ ਪਲਾਂ ਨੂੰ ਫੜਦੀਆਂ ਜਦ ਮਨੁੱਖ ਉਦਾਸ ਹੈ। ਉਹਨਾਂ ਉਮੀਦ ਕਰਦੇ ਹੋਏ ਕਿਹਾ ਕਿ ਕਹਾਣੀਕਾਰ ਆਪਣਾ ਵੱਖਰਾਪਣ ਕਾਇਮ ਰੱਖੇਗਾ। ਚਰਚਾ ਦੇ ਕੇਂਦਰ ਕਹਾਣੀ ਸੰਗ੍ਰਹਿ ਦੇ ਲੇਖਕ ਭੁਪਿੰਦਰ ਸਿੰਘ ਮਾਨ ਕਿਹਾ ਕਿ ਉਹ ਸਾਰੇ ਸੁਝਾਏ ਨੁਕਤਿਆਂ ‘ਤੇ ਅਮਲ ਕਰਨਗੇ।
ਮੰਚ ਸੰਚਾਲਨ ਸਵਪਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਲੇਖਕ ਜਗਦੀਪ ਸਿੱਧੂ ਨੇ ਕੀਤਾ। ਇਸ ਸਮਾਗਮ ਵਿਚ ਕਹਾਣੀਕਾਰ ਗੁਲ ਚੌਹਾਨ, ਹਰਚਰਨ ਛੋਹਲਾ, ਸਰੂਪ ਸਿਆਲਵੀ, ਪ੍ਰਿੰ. ਸਤਨਾਮ ਸ਼ੋਕਰ, ਕੇਵਲਜੀਤ, ਗੁਰਦੀਪ ਸਿੰਘ, ਕੁਲਦੀਪ ਸਿੰਘ, ਅਮਰਜੀਤ ਮਾਨ, ਹਰਵਿੰਦਰ ਸਿੰਘ, ਧਿਆਨ ਸਿੰਘ ਕਾਹਲੋਂ, ਵਰਿੰਦਰ ਸਿੰਘ, ਸੁਰਮੀਤ ਮਾਵੀ, ਮੰਗਾ ਸਿੰਘ, ਭੁਪਿੰਦਰ ਮਲਿਕ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















