PUNJAB : ਗ੍ਰਾਮ ਪੰਚਾਇਤਾਂ ਨੂੰ ਪ੍ਰਾਪਤ ਹੋਏ ਸਵਾ ਸੌ ਕਰੋੜ ਗਬਨ ਕਰਨ ਦੇ ਮਾਮਲੇ ‘ਚ ਤਿੰਨ ਪੰਚਾਇਤ ਅਫ਼ਸਰ ਮੁਅੱਤਲ

ਚੰਡੀਗੜ੍ਹ, 22ਅਪ੍ਰੈਲ(ਵਿਸ਼ਵ ਵਾਰਤਾ) PUNJAB : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਲੁਧਿਆਣਾ ਬਲਾਕ-2, ਲਗਭਗ 20 ਮਹੀਨੇ ਪਹਿਲਾਂ, 121 ਕਰੋੜ ਰੁਪਏ ਦੇ ਬਹੁਤ ਚਰਚਿਤ ਕਥਿਤ ਘਪਲੇ ਦੇ ਮਾਮਲੇ ਦਾ ਸਾਹਮਣਾ ਕਰ ਰਹੇ 3 ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਗਈ ਹੈ। ਵਿਭਾਗ ਦੇ ਪ੍ਰਬੰਧਕ ਸਕੱਤਰ ਵਲੋਂ ਮਾਮਲੇ ਸਬੰਧੀ ਜਾਰੀ ਪੱਤਰ ’ਚ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਲੁਧਿਆਣਾ ਦੇ ਬਲਾਕ-2 ’ਚ ਤਾਇਨਾਤ ਸੇਵਾਮੁਕਤ ਬੀ. ਡੀ. ਪੀ. ਓ. ਰੁਪਿੰਦਰਜੀਤ ਕੌਰ, ਸਿਮਰਤ ਕੌਰ ਅਤੇ ਬੀ. ਡੀ. ਪੀ. ਓ. ਗੁਰਪ੍ਰੀਤ ਸਿੰਘ ਮਾਂਗਟ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਵੇਲੇ ਰੁਪਿੰਦਰ ਜੀਤ ਕੌਰ ਬੀ. ਡੀ. ਪੀ. ਓ. ਨਿਹਾਲ ਸਿੰਘ ਵਾਲਾ, ਸਿਮਰਤ ਕੌਰ ਬੀ. ਡੀ. ਪੀ. ਓ. ਭੋਗਪੁਰ ਤੇ ਗੁਰਪ੍ਰੀਤ ਸਿੰਘ ਮਾਂਗਟ ਡੇਰਾਬਸੀ ਤਾਇਨਾਤ ਹਨ।

ਦੱਸਣਯੋਗ ਹੈ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਬਲਾਕ-2 ਅਧੀਨ ਆਉਂਦੇ ਪਿੰਡ ਸਲੇਮਪੁਰ, ਸੇਲਕੀਆਣਾ ਬੋਕਰ ਗੁੱਜਰਾ, ਸੇਖੇਵਾਲ, ਕਡਿਆਣਾ ਖੁਰਦ ਅਤੇ ਧਨਾਨਸੂ ਗ੍ਰਾਮ ਪੰਚਾਇਤ ਨੂੰ ਪ੍ਰਾਪਤ ਹੋਏ ਐਵਾਰਡ ਮਨੀ ’ਚ 120.87 ਕਰੋੜ ਰੁਪਏ ਦੇ ਕਥਿਤ ਘਪਲੇ ਸਬੰਧੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਵਿਭਾਗ ਦੀ ਤਤਕਾਲੀ ਡੀ. ਡੀ. ਪੀ. ਓ. ਨਵਨੀਤ ਕੌਰ ਵਲੋਂ ਕੀਤੀ ਗਈ ਲੰਬੀ ਜਾਂਚ ਤੋਂ ਬਾਅਦ, 1 ਸਤੰਬਰ, 2023 ਨੂੰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬਲਾਕ-2 ’ਚ 121 ਕਰੋੜ ਰੁਪਏ ਦੇ ਕਥਿਤ ਘਪਲੇ ਦਾ ਪਰਦਾਫਾਸ਼ ਹੋਇਆ ਸੀ।

ਉਕਤ ਮਾਮਲੇ ’ਚ ਜਾਂਚ ਅਧਿਕਾਰੀ ਨਵਨੀਤ ਕੌਰ ਨੇ ਕਈ ਪੰਚਾਇਤ ਸਕੱਤਰਾਂ ਅਤੇ ਸਰਪੰਚਾਂ ਸਮੇਤ ਅੱਧਾ ਦਰਜਨ ਦੇ ਕਰੀਬ ਬੀ. ਡੀ. ਪੀ. ਓਜ਼ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਵਿਰੁੱਧ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ 121 ਕਰੋੜ ਰੁਪਏ ਦੇ ਘਪਲੇ ਵਰਗੇ ਗੰਭੀਰ ਦੋਸ਼ ਤੈਅ ਕੀਤੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























