ਨਕੋਦਰ ‘ਚ ਚੰਨੀ ਦਾ ਧੂੰਆਂਧਾਰ ਚੋਣ ਪ੍ਰਚਾਰ, ਟਰੈਕਟਰ ‘ਤੇ ਚੜ੍ਹਕੇ ਕਿਸਾਨਾਂ ਨੂੰ ਕੀਤੀ ਅਪੀਲ
ਚੰਡੀਗੜ੍ਹ, 30ਮਈ(ਵਿਸ਼ਵ ਵਾਰਤਾ)- ਬਾਕੀ ਉਮੀਦਵਾਰਾਂ ਦੀ ਤਰਾਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਵੀ ਚੋਣ ਪ੍ਰਚਾਰ ‘ਚ ਰੁੱਝੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ‘ਚ ਮੰਤਰੀ ਹੁੰਦੀਆਂ ਚੰਨੀ ਨੇ ਹਾਥੀ ਦੀ ਸਵਾਰੀ ਕੀਤੀ ਸੀ ਜਿਸਦਾ ਮੀਡੀਆ ‘ਚ ਖੂਬ ਚਰਚਾ ਹੋਇਆ ਸੀ ਤੇ ਹੁਣ ਚੰਨੀ ਨੇ ਟਰੈਕਟਰ ਦੀ ਸਵਾਰੀ ਕੀਤੀ ਹੈ। ਨਕੋਦਰ ਨਜ਼ਦੀਕ ਪਿੰਡਾਂ ਚ ਚੋਣ ਪ੍ਰਚਾਰ ਕਰਦੇ ਹੋਏ ਚਰਨਜੀਤ ਚੰਨੀ ਟਰੈਕਟਰ ਦੀ ਸਵਾਰੀ ਕਰਦੇ ਅਤੇ ਖੁਦ ਟਰੈਕਟਰ ਡਰਾਇਵ ਕਰਦੇ ਨਜ਼ਰ ਆਏ। ਵੱਖੋ ਵੱਖਰੇ ਪਿੰਡਾਂ ਚ ਹੋਏ ਸਿਆਸੀ ਜਲਸਿਆਂ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਦਾ ਲਗਾਤਾਰ ਸਮਰਥਨ ਕਰਦੇ ਆਏ ਹਨ ਅਤੇ ਅੱਗੇ ਤੋਂ ਵੀ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਰਹਿਣਗੇ। ਨਕੋਦਰ ਚ ਹੋਈ ਇਕ ਚੋਣ ਰੈਲੀ ‘ਚ ਉਹ ਖੁਦ ਟਰੈਕਟਰ ਚਲਾ ਕੇ ਪਹੁੰਚੇ ਇਸ ਦੌਰਾਨ ਹਲਕਾ ਇੰਚਾਰਜ ਨਵਜੋਤ ਦਾਹੀਆ ਵੀ ਉਹਨਾਂ ਦੇ ਨਾਲ ਸਨ। ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਆਪਣੀਆਂ ਮੰਗਾਂ ਲਈ ਸੰਘਰਸ਼ ਕਰਦਿਆਂ 750 ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਪਰ ਅਜੇ ਤੱਕ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਹੀਂ ਨਿਕਲਿਆ। ਚੰਨੀ ਨੇ ਕਿਹਾ ਕਿ ਜੇਕਰ ਕੇਂਦਰ ‘ਚ ਇੰਡੀਆ ਗਠਜੋੜ ਦੀ ਸਰਕਾਰ ਬਣਦੀ ਹੈ ਤਾ ਕਿਸਾਨਾਂ ਦੇ ਮਸਲਿਆਂ ਦਾ ਪੱਕੇ ਤੌਰ ‘ਤੇ ਹੱਕ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਐਮਐਸਪੀ ਅਤੇ ਹੋਰ ਮਸਲਿਆਂ ਨੂੰ ਲੈ ਕੇ ਕੇਂਦਰ ਦਾ ਘੇਰਾਓ ਕੀਤਾ। ਆਪਣੇ ਸੰਬੋਧਨ ਦੌਰਾਨ ਉਹਨਾਂ ਮੋਦੀ ਸਰਕਾਰ ‘ਤੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਹੋਣ ਦੇ ਇਲਜ਼ਾਮ ਲਗਾਏ। ਅੱਗੋਂ ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਨੂੰ ਜਲੰਧਰ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਹੈ ਤਾ ਉਹ ਪਹਿਲ ਦੇ ਅਧਾਰ ‘ਤੇ ਨਕੋਦਰ ਦਾ ਵਿਕਾਸ ਕਰਨਗੇ।























