ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਪੰਜਾਬ ਦੌਰੇ ‘ਤੇ
ਅੰਮ੍ਰਿਤਸਰ ਤੇ ਆਨੰਦਪੁਰ ਸਾਹਿਬ ‘ਚ ਭਾਜਪਾ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ
ਫਰੀਦਕੋਟ ਵਿੱਚ ਹੰਸ ਰਾਜ ਹੰਸ ਲਈ ਮੰਗਣਗੇ ਵੋਟਾਂ
ਚੰਡੀਗੜ੍ਹ, 30ਮਈ(ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅੱਜ ਵੀਰਵਾਰ ਨੂੰ ਪੰਜਾਬ ਦੌਰੇ ‘ਤੇ ਹਨ। ਪੰਜਾਬ ਦੌਰੇ ਦੌਰਾਨ ਨੱਡਾ ਤਿੰਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਪੰਜਾਬ ਪਹੁੰਚ ਕੇ ਜੇਪੀ ਨੱਡਾ ਭਾਜਪਾ ਵੱਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਇਸ ਦੇ ਨਾਲ ਹੀ ਉਹ ਵੋਟਰਾਂ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਬਾਰੇ ਵੀ ਜਾਗਰੂਕ ਕਰਨ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੇਪੀ ਨੱਡਾ ਸਵੇਰੇ ਕਰੀਬ 11.30 ਵਜੇ ਅੰਮ੍ਰਿਤਸਰ ਪੁੱਜਣਗੇ। ਇੱਥੇ ਉਹ ਰਣਜੀਤ ਐਵੀਨਿਊ ਸਥਿਤ ਬੈਸਟ ਵੈਸਟਰਨ ਨੇੜੇ ਪਾਰਕਿੰਗ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਨਗੇ। ਇੱਥੇ ਉਹ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਅੰਮ੍ਰਿਤਸਰ ਤੋਂ ਜੇਪੀ ਨੱਡਾ ਫਰੀਦਕੋਟ ਖੇਤਰ ਲਈ ਰਵਾਨਾ ਹੋਣਗੇ ਇੱਥੇ ਫਰੀਦਕੋਟ ਅਧੀਨ ਪੈਂਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿਖੇ ਰੱਖੀ ਗਈ ਜਨਸਭਾ ਰੈਲੀ ਨੂੰ ਸੰਬੋਧਨ ਕਰਨਗੇ। ਉਹ ਦੁਪਹਿਰ 1.30 ਵਜੇ ਦੇ ਕਰੀਬ ਇੱਥੇ ਪਹੁੰਚਣਗੇ ਅਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਲਈ ਵੋਟਾਂ ਮੰਗਣਗੇ। ਫਰੀਦਕੋਟ ਤੋਂ ਬਾਅਦ ਨੱਡਾ ਦਾ ਤੀਜਾ ਪ੍ਰੋਗਰਾਮ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਹੈ, ਜੇਪੀ ਨੱਡਾ ਸ਼ਾਮ 4 ਵਜੇ ਦੇ ਕਰੀਬ ਇੱਥੇ ਪੁੱਜਣਗੇ। ਇੱਥੇ ਰੂਪਨਗਰ ਜ਼ਿਲ੍ਹੇ ਦੇ ਰੇਲਵੇ ਰੋਡ ਤੋਂ ਅੱਡਾ ਬਾਜ਼ਾਰ ਤੱਕ ਰੋਡ ਸ਼ੋਅ ਕੀਤਾ ਜਾਵੇਗਾ। ਇਸ ਦੌਰਾਨ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਲਈ ਚੋਣ ਪ੍ਰਚਾਰ ਕਰਨਗੇ।























