ਪ੍ਰਜਵਲ ਰੇਵੰਨਾ ਦੇ 31 ਮਈ ਨੂੰ ਭਾਰਤ ਪਰਤਣ ਦੀ ਸੰਭਾਵਨਾ
ਚੰਡੀਗੜ੍ਹ, 29ਮਈ(ਵਿਸ਼ਵ ਵਾਰਤਾ)- ਕਰਨਾਟਕ ਦੀ ਹਸਨ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ‘ਤੇ ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਰੇਵੰਨਾ ‘ਤੇ ਲੱਗੇ ਇਨ੍ਹਾਂ ਦੋਸ਼ਾਂ ਨੇ ਕਰਨਾਟਕ ਦੀ ਸਿਆਸਤ ‘ਚ ਖਲਬਲੀ ਮਚਾ ਦਿੱਤੀ ਹੈ। ਦੱਸ ਦੇਈਏ ਕਿ ਉਹ ਦੇਸ਼ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ 27 ਮਈ ਨੂੰ ਜਰਮਨੀ ਫਰਾਰ ਹੋ ਗਿਆ ਸੀ। ਸੂਤਰਾਂ ਮੁਤਾਬਕ ਪ੍ਰਜਵਲ ਰੇਵੰਨਾ ਹੁਣ ਭਾਰਤ ਪਰਤ ਰਹੇ ਹਨ। ਉਸ ਨੇ 30 ਮਈ ਲਈ ਮਿਊਨਿਖ ਤੋਂ ਬੈਂਗਲੁਰੂ ਦੀ ਵਾਪਸੀ ਟਿਕਟ ਲਈ ਹੈ। ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸੂਤਰਾਂ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਦੇ 31 ਮਈ ਦੀ ਸਵੇਰ ਨੂੰ ਬੈਂਗਲੁਰੂ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਐਸਆਈਟੀ ਦੀ ਟੀਮ ਕੈਂਪਗੌੜਾ ਹਵਾਈ ਅੱਡੇ ‘ਤੇ ਤਾਇਨਾਤ ਰਹੇਗੀ। ਪ੍ਰਜਵਲ ਰੇਵੰਨਾ ਖਿਲਾਫ ਹੁਣ ਤੱਕ ਦੋ ਮਾਮਲੇ ਦਰਜ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਨਵੀਨ ਗੌੜਾ ਅਤੇ ਚੇਤਨ ਗੌੜਾ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ‘ਤੇ ਪ੍ਰਜਵਲ ਨਾਲ ਸਬੰਧਤ ਵੀਡੀਓ ਵਾਲੀ ਪੈਨ ਡਰਾਈਵ ਨੂੰ ਵੰਡਣ ਦਾ ਦੋਸ਼ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਪ੍ਰਜਵਲ ‘ਤੇ ਕਈ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਉਹ ਹਸਨ ਲੋਕ ਸਭਾ ਸੀਟ ਤੋਂ ਐਨਡੀਏ ਦੇ ਉਮੀਦਵਾਰ ਹਨ। ਪ੍ਰਜਵਲ ਹਸਨ ਲੋਕ ਸਭਾ ਹਲਕੇ ‘ਚ ਵੋਟਿੰਗ ਤੋਂ ਇਕ ਦਿਨ ਬਾਅਦ 27 ਅਪ੍ਰੈਲ ਨੂੰ ਜਰਮਨੀ ਚਲਾ ਗਿਆ ਸੀ। ਸੀਬੀਆਈ ਨੇ ਉਸ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਹੈ। ਏਜੰਸੀ ਵੱਲੋਂ ਪ੍ਰਜਵਲ ਦੇ ਠਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਵਿਸ਼ੇਸ਼ ਅਦਾਲਤ ਨੇ ਯੌਨ ਸ਼ੋਸ਼ਣ ਅਤੇ ਬਲਾਤਕਾਰ ਦੇ ਮਾਮਲੇ ਵਿੱਚ 18 ਮਈ ਨੂੰ ਹਸਨ ਸੰਸਦ ਮੈਂਬਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।























