ਅਕਾਲੀ-ਭਾਜਪਾ ਹੁਣ ਵੀ ਮਸੇਰ ਭਾਈ ਪਰ ਸੁਖਬੀਰ ਮਚਲਾ: ਖੁੱਡੀਆਂ
ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡਾਂ ’ਚ ਕੀਤੀਆਂ ਚੋਣ ਰੈਲੀਆਂ
ਬਠਿੰਡਾ, 20 ਮਈ(ਵਿਸ਼ਵ ਵਾਰਤਾ) ‘ਸੁਖਬੀਰ ਬਾਦਲ ਮਚਲਾ ਹੈ। ਕੌਮੀ ਪਾਰਟੀਆਂ ਨੂੰ ਦਿੱਲੀ ਤੋਂ ਚੱਲਣ ਵਾਲੀਆਂ ਦੱਸਣ ਵਾਲਾ ਇਹ ਦੱਸੇ ਕਿ ਭਾਜਪਾ ਦਾ ਕੇਂਦਰੀ ਦਫ਼ਤਰ ਕਿਹੜਾ ਗੋਨਿਆਣੇ ਹੈ। ਲੋਕ ਸਭ ਜਾਣਦੇ ਨੇ ਕਿ 25 ਸਾਲਾਂ ਤੋਂ ਹੁਣ ਤੱਕ ਅਕਾਲੀ-ਭਾਜਪਾ ਮਸੇਰ ਭਾਈ ਹਨ’। ਇਹ ਸਵਾਲ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪਿੰਡਾਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਠਾਇਆ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਵਾਲੇ ਦਿਨ 1 ਜੂਨ ਨੂੰ ’84 ਦਾ ਘੱਲੂਘਾਰਾ ਦਿਵਸ ਤਾਂ ਯਾਦ ਹੈ ਪਰ 1 ਜੂਨ 2015 ਨੂੰ ਬਾਦਲ ਸਰਕਾਰ ਵੇਲੇ ਬੁਰਜ ਜਵਾਹਰ ਵਾਲਾ ’ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਯਾਦ ਨਹੀਂ? ਸ੍ਰੀ ਖੁੱਡੀਆਂ ਨੇ ਕਿਹਾ ਕਿ ਇਹ ਦੋਵੇਂ ਘਟਨਾਵਾਂ ਹੀ ਦੁਖਦਾਈ ਸਨ ਅਤੇ ਇਨਸਾਨੀਅਤ ਨੂੰ ਪ੍ਰਣਾਇਆ ਕੋਈ ਵੀ ਵਿਅਕਤੀ ਇਸ ਦਿਨ ਨੂੰ ਭੁੱਲ ਨਹੀਂ ਸਕਦਾ। ਇਹ ਵੱਖਰੀ ਗੱਲ ਹੈ ਕਿ ਸੁਖਬੀਰ ਬਾਦਲ ਨੇ 19 ਮਈ ਨੂੰ ਜੈਤੋ ਵਿਖੇ ਇਸ ਦਾ ਜ਼ਿਕਰ ਕਰਕੇ ਆਪਣੇ ਮਚਲਪੁਣੇ ਦੀ ਮਿਸਾਲ ਦਿੱਤੀ ਸੀ।
ਸ੍ਰੀ ਖੁੱਡੀਆਂ ਨੇ ਵਿਧਾਨ ਸਭਾ ਹਲਕਾ ਭੁੱਚੋ ’ਚ ਅੱਜ ਤੂਫ਼ਾਨੀ ਦੌਰਾ ਕਰਦਿਆਂ ਪਿੰਡ ਗਿੱਲ ਪੱਤੀ, ਬੀਬੀ ਵਾਲਾ, ਗੋਬਿੰਦਪੁਰਾ, ਹਰਰੰਗਪੁਰਾ, ਢਿੱਲਵਾਂ, ਗਿੱਦੜ, ਗੰਗਾ, ਨਾਥਪੁਰਾ, ਕਲਿਆਣ ਸੁੱਖਾ, ਕਲਿਆਣ ਮੱਲਕਾ, ਕਲਿਆਣ ਸੱਦਾ, ਬਜੂਆਣਾ, ਭੈਣੀ, ਮਾੜੀ, ਪੂਹਲਾ, ਪੂਹਲੀ, ਨਥਾਣਾ ਆਦਿ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਜੰਗ ਅਸੂਲਪ੍ਰਸਤੀ ਦੀ ਗ਼ੈਰਅਸੂਲੀ ਨਾਲ, ਸਬਰ ਦੀ ਜ਼ੁਲਮ ਨਾਲ ਅਤੇ ਗਰੀਬ ਕਿਸਾਨ ਦੇ ਪੁੱਤ ਦੀ ਬੰਗਲਿਆਂ ਵਾਲੇ ਧਨਾਢਾਂ ਨਾਲ ਹੈ। ਉਨ੍ਹਾਂ ਕਿਹਾ ਕਿ ਲੋਕ ਰਾਜ ਵਿੱਚ ਵੋਟ ਦੀ ਸ਼ਕਤੀ ਸਭ ਤੋਂ ਤਾਕਤਵਰ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਆਸ਼ੀਰਵਾਦ ਦਾ ਕਰਜ਼ਾ ਮੈਂ ਹਲਕੇ ਦਾ ਬਹੁ-ਪੱਖੀ ਵਿਕਾਸ ਕਰਕੇ ਮੋੜਾਂਗਾ। ਸ੍ਰੀ ਖੁੱਡੀਆਂ ਨੇ ਕਿਹਾ ਕਿ ਉਹ ਆਮ ਪਰਿਵਾਰ ਦੇ ਜੰਮਪਲ ਹੋਣ ਕਰਕੇ ਸਾਧਾਰਣ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬੁਨਿਆਦੀ ਤੌਰ ’ਤੇ ਸਮਝਦੇ ਹਨ, ਸੋ ਉਹ ਸੰਗਤ ਦੀ ਕਚਹਿਰੀ ਵਿੱਚ ਸੇਵਾ ਲਈ ਮੌਕਾ ਮੰਗਣ ਲਈ ਆਏ ਹਨ।
ਕਈ ਪਿੰਡਾਂ ਵਿੱਚ ਸ੍ਰੀ ਖੁੱਡੀਆਂ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਲੋਕਾਂ ਨੇ ਵਿਸ਼ਵਾਸ਼ ਦੁਆਇਆ ਕਿ ਭਾਵੇਂ ਉਨ੍ਹਾਂ ਦੀ ਜਿੱਤ ਯਕੀਨੀ ਹੈ ਅਤੇ ਰਸਮੀ ਐਲਾਨ ਬਾਕੀ ਹੈ, ਪਰ ਫਿਰ ਵੀ ਰਿਕਾਰਡ ਵੋਟਾਂ ਪਾ ਕੇ ਉਨ੍ਹਾਂ ਦੀ ਫ਼ਤਿਹ ਨੂੰ ਮਿਸਾਲੀ ਬਣਾਇਆ ਜਾਵੇਗਾ। ਅੱਜ ਚੋਣ ਪ੍ਰਚਾਰ ਦੌਰਾਨ ਸ੍ਰੀ ਖੁੱਡੀਆਂ ਬਰੇਟਾ ਮੰਡੀ ਪਹੁੰਚੇ ਅਤੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਲੀਡਰਸ਼ਿਪ, ਵਰਕਰ ਅਤੇ ਆਮ ਲੋਕ ਮੌਜੂਦ ਸਨ।






















