ਐਸ.ਏ.ਐਸ.ਨਗਰ: 22 ਅਗਸਤ (ਵਿਸ਼ਵ ਵਾਰਤਾ)- ਈਦ-ਊਲ-ਜੂਹਾ (ਬਕਰੀਦ) ਦਾ ਤਿਉਹਾਰ ਅੱਜ ਵੱਡੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਹਜਰਤ ਉਮਰ ਜਾਮਾ ਮਸਜਿਦ ਸਨੇਟਾ ਵਿਖੇ ਮਨਾਏ ਗਏ ਈਦ -ਊਲ-ਜੂਹਾ (ਬਕਰੀਦ) ਦੇ ਤਿਉਹਾਰ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਸ੍ਰ: ਬਲਬੀਰ ਸਿੰਘ ਸਿੱਧੂ ਨੇ ਵੀ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਈਦ -ਊਲ-ਜੂਹਾ (ਬਕਰੀਦ) ਦੀ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਨੁਮਾਜ਼ ‘ਚ ਚੇਅਰਮੈਨ ਵਕਬ ਬੋਰਡ ਪੰਜਾਬ ਜਨੇਦਾ ਰਜਾਖਾਨ ਵੀ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ: ਸਿੱਧੂ ਨੇ ਕਿਹਾ ਕਿ ਸਾਡਾ ਦੇਸ਼ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਰੀਤੀ ਰਵਾਜਾ ਦਾ ਸੁਮੇਲ ਹੈ ਅਤੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਹਮੇਸ਼ਾਂ ਆਪਸੀ ਭਾਈਚਾਰਕ ਸਾਂਝ ਨੁੂੰ ਮਜਬੂਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਵੀ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਸਾਂਝੇ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰ: ਸਿੱਧੂ ਨੇ ਇਸ ਮੌਕੇ ਮੁਸਲਮਾਨ ਵੈਲਫੇਅਰ ਕਮੇਟੀ ਨੁੂੰ 05 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਅਤੇ ਰੋਟਰੀ ਕਲੱਬ ਚੰਡੀਗੜ੍ਹ ਮਿਡ ਟਾਉਨ ਦੀ ਸਹਾਇਤਾ ਨਾਲ ਲੋੜਵੰਦਾਂ ਨੂੰ ਟਰਾਈ ਸਾਈਕਲ ਵੀ ਮੁਫ਼ਤ ਵੰਡੇ। ਸ. ਸਿੱਧੂ ਨੇ ਦੱਸਿਆ ਕਿ ਕਿਰਤ ਵਿਭਾਗ ਪੰਜਾਬ ਵੱਲੋਂ ਕਿਰਤੀ ਕਾਮਿਆਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਵੱਧ ਤੋਂ ਵੱਧ ਕਿਰਤੀ ਕਾਮਿਆਂ ਨੁੂੰ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਸ੍ਰ: ਸਿੱਧੂ ਦਾ ਮੁਸਲਮਾਨ ਵੈਲਫੇਅਰ ਕਮੇਟੀ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੇ ਕਮੇਟੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੁਰਾ ਕੀਤਾ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਵਾਇਸ ਚੇਅਰਮੈਨ ਕਿਸਾਨ ਸੈਲ ਪੰਜਾਬ ਕਾਂਗਰਸ, ਰੋਟਰੀ ਕਲੱਬ ਚੰਡੀਗੜ੍ਹ ਮਿਡ ਟਾਊਨ ਦੇ ਪ੍ਰਧਾਨ ਆਸ਼ੋਕ ਪੁਰੀ, ਸੈਕਟਰੀ ਸੁਨੀਲ ਚੋਪੜਾ, ਸਾਬਕਾ ਪ੍ਰਧਾਨ ਵਿਨੋਜਾ, ਚੇਅਰਮੈਨ ਘੱਟ ਗਿਣਤੀਆਂ ਕਾਂਗਰਸ, ਮੋਹਾਲੀ ਡਾ. ਅਨਵਰ ਹੂਸੈਨ, ਮੁਸਲਿਮ ਵੈਲਫੇਅਰ ਕਮੇਟੀ ਸਨੇਟਾ ਦੇ ਪ੍ਰਧਾਨ ਰੋਸ਼ਨ ਖਾਨ, ਵਾਇਸ ਪ੍ਰਧਾਨ ਸੁਲੇਮਾਨ ਭੱਟ , ਖਜ਼ਾਨਚੀ ਅਤੇ ਸਾਬਕਾ ਮੈਂਬਰ ਪੰਚਾਇਤ ਸਈਅਦ ਹੈਲਕਾਰ, ਸਾਬਕਾ ਪ੍ਰਧਾਨ ਐਸ ਹਮੀਦ ਅਲੀ, ਵਜ਼ੀਰਦੀਨ, ਕਮਲ ਖਾਨ, ਨਵਾਬ ਅਲੀ , ਕਾਕਾ ਖਾਨ, ਫਿਰੋਜ਼ ਖਾਨ, ਮੁਸਲਿਮ ਵੈਲਫੇਅਰ ਕਮੇਟੀ ਗੁਡਾਣਾ ਦੇ ਪ੍ਰਧਾਨ ਬਹਾਦਰ ਖਾਨ, ਮੁਸਲਿਮ ਵੈਲਫੇਅਰ ਕਮੇਟੀ ਬਠਲਾਣਾ ਦੇ ਪ੍ਰਧਾਨ ਰੋਣਕੀ ਖਾਨ, ਮੁਸਲਿਮ ਵੈਲਫੇਅਰ ਕਮੇਟੀ ਕੁਰੜੀ ਦੇ ਪ੍ਰਧਾਨ ਰਮੇਸ਼ ਖਾਨ, ਚੌਧਰੀ ਭਗਤ ਰਾਮ, ਚੌਧਰੀ ਹਰਨੇਕ ਨੇਕੀ ਸਨੇਟਾ, ਚੌਧਰੀ ਰਿਸ਼ੀ ਪਾਲ ਸਨੇਟਾ, ਮੁਖਤਿਆਰ ਖਾਨ ਸਨੇਟਾ, ਬਾਬੂ ਖਾਨ , ਅਲੀ ਮਹੁੰਮਦ, ਸਰਵਤੀ ਖਾਨ ਸਮੇਤ ਹੋਰ ਪੱਤਵੰਤੇ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।
ਫੋਟੋ ਕੈਪਸ਼ਨ : ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਸ੍ਰ: ਬਲਬੀਰ ਸਿੰਘ ਸਿੱਧੂ ਈਦ -ਊਲ-ਜੂਹਾ (ਬਕਰੀਦ) ਮੌਕੇ ਸਨੇਟਾ ਵਿਖੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੰਦੇ ਹੋਏ।