ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ ਚੇਨਈ ਸੁਪਰ ਕਿੰਗਜ਼ ਦੀ ਲਗਾਤਾਰ ਦੂਜੀ ਜਿੱਤ
ਚੰਡੀਗੜ੍ਹ, 27ਮਾਰਚ(ਵਿਸ਼ਵ ਵਾਰਤਾ)- 5 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਨੇ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੰਗਲਵਾਰ ਨੂੰ ਮੌਜੂਦਾ ਸੈਸ਼ਨ ਦੇ 7ਵੇਂ ਮੈਚ ‘ਚ ਪਿਛਲੇ ਸਾਲ ਦੀ ਫਾਈਨਲਿਸਟ ਗੁਜਰਾਤ ਟਾਈਟਨਸ ਨੂੰ 63 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ CSK ਅੰਕ ਸੂਚੀ ਵਿੱਚ ਸਿਖਰ ‘ਤੇ ਆ ਗਿਆ ਹੈ। ਟੀਮ ਦੇ ਖਾਤੇ ‘ਚ 4 ਅੰਕ ਹਨ। ਚੇਨਈ ਨੇ ਸੀਜ਼ਨ ਦੇ ਓਪਨਰ ‘ਚ ਇਸੇ ਮੈਦਾਨ ‘ਤੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਚੇਪੌਕ ਸਟੇਡੀਅਮ ‘ਚ ਗੁਜਰਾਤ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 206 ਦੌੜਾਂ ਬਣਾਈਆਂ। 207 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 143 ਦੌੜਾਂ ਹੀ ਬਣਾ ਸਕੀ। ਚੇਨਈ ਲਈ ਰਚਿਨ ਰਵਿੰਦਰਾ (20 ਗੇਂਦਾਂ ‘ਤੇ 46 ਦੌੜਾਂ) ਅਤੇ ਸ਼ਿਵਮ ਦੂਬੇ (23 ਗੇਂਦਾਂ ‘ਤੇ 51 ਦੌੜਾਂ) ਨੇ ਧਮਾਕੇਦਾਰ ਪਾਰੀਆਂ ਖੇਡੀਆਂ, ਜਦਕਿ ਕਪਤਾਨ ਰੁਤੁਰਾਜ ਗਾਕਵਾੜ ਨੇ 36 ਗੇਂਦਾਂ ‘ਤੇ 46 ਦੌੜਾਂ ਦਾ ਯੋਗਦਾਨ ਦਿੱਤਾ।