IPL 2024 ਦਾ ਅੱਜ ਹੋਵੇਗਾ ਆਗਾਜ਼
ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹੋਵੇਗਾ ਪਹਿਲਾ ਮੁਕਾਬਲਾ
ਅਕਸ਼ੈ-ਟਾਈਗਰ ਅਤੇ ਏ.ਆਰ.ਰਹਿਮਾਨ IPL ਉਦਘਾਟਨੀ ਸਮਾਰੋਹ ‘ਚ ਕਰਨਗੇ ਦਰਸ਼ਕਾਂ ਦਾ ਮਨੋਰੰਜਨ
ਚੰਡੀਗੜ੍ਹ, 22ਮਾਰਚ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ 2024 ਦਾ ਅੱਜ 22ਮਾਰਚ ਨੂੰ ਆਗਾਜ਼ ਹੋਵੇਗਾ। ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਉਦਘਾਟਨੀ ਸਮਾਰੋਹ ਵਿੱਚ ਗਾਇਕ ਏਆਰ ਰਹਿਮਾਨ, ਸੋਨੂੰ ਨਿਗਮ ਅਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਟਾਈਗਰ ਸ਼ਰਾਫ ਦਰਸ਼ਕਾ ਦਾ ਮਨੋਰੰਜਨ ਕਰਨਗੇ। ਇਹ ਸਮਾਰੋਹ ਅੱਜ 22 ਮਾਰਚ ਨੂੰ ਸ਼ਾਮ 6:30 ਵਜੇ ਚੇਨਈ ਵਿੱਚ ਹੋਵੇਗਾ। ਇਸ ਸੈਸ਼ਨ ਦਾ ਪਹਿਲਾ ਮੈਚ ਅੱਜ ਚੇਪੌਕ ਸਟੇਡੀਅਮ ‘ਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਇੰਡੀਅਨ ਪ੍ਰੀਮੀਅਰ ਲੀਗ-2024 ਦੇ 21 ਮੈਚਾਂ ਦਾ ਸ਼ਡਿਊਲ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਸੀ। ਆਮ ਚੋਣਾਂ ਕਾਰਨ ਇਸ ਸੀਜ਼ਨ ਦਾ ਪੂਰਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ 22 ਮਾਰਚ ਤੋਂ 7 ਅਪ੍ਰੈਲ ਤੱਕ ਦਾ ਪ੍ਰੋਗਰਾਮ ਐਲਾਨਿਆ ਗਿਆ ਹੈ। ਇਸ ਸਮੇਂ ਦੌਰਾਨ, 17 ਦਿਨਾਂ ਵਿੱਚ 21 ਮੈਚ ਖੇਡੇ ਜਾਣਗੇ, ਜਿਸ ਵਿੱਚ 4 ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਸ਼ਾਮਲ ਹੋਣਗੇ।