IPL 2024 ਦਾ ਪੂਰਾ ਸੀਜ਼ਨ ਭਾਰਤ ਵਿੱਚ ਹੀ ਖੇਡਿਆ ਜਾਵੇਗਾ
22 ਮਾਰਚ ਤੋਂ ਹੋਵੇਗਾ ਆਗਾਜ਼
ਚੰਡੀਗੜ੍ਹ, 17ਮਾਰਚ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ-2024 ਦਾ ਪੂਰਾ ਸੀਜ਼ਨ ਭਾਰਤ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸ਼ਨੀਵਾਰ ਨੂੰ ਲੀਗ ਦੇ ਕੁਝ ਮੈਚ ਯੂਏਈ ਵਿੱਚ ਆਯੋਜਨ ਕਰਵਾਏ ਜਾਣ ਦੀਆਂ ਖਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਵਿਦੇਸ਼ ਵਿੱਚ ਨਹੀਂ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ ਕੁਝ ਮੈਚ ਯੂਏਈ ਵਿੱਚ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਜਲਦ ਹੀ ਪੂਰਾ ਸ਼ਡਿਊਲ ਜਾਰੀ ਕਰ ਸਕਦਾ ਹੈ। ਬੋਰਡ ਨੇ ਪਿਛਲੇ ਮਹੀਨੇ 22 ਫਰਵਰੀ ਨੂੰ ਪਹਿਲੇ ਫੇਜ਼-1 ਦਾ ਸ਼ਡਿਊਲ ਜਾਰੀ ਕੀਤਾ ਸੀ। ਜੋ ਕਿ 22 ਮਾਰਚ ਤੋਂ 7 ਅਪ੍ਰੈਲ ਤੱਕ ਚੱਲੇਗਾ।
ਇਹ ਲੀਗ 22 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਓਪਨਿੰਗ ਮੈਚ ਵਿੱਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀਆਂ ਟੀਮਾਂ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਭਿੜਨਗੀਆਂ। ਆਈਪੀਐਲ ਗਵਰਨਿੰਗ ਕੌਂਸਲ ਨੇ ਪਹਿਲੇ 21 ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਪਹਿਲਾਂ ਕਰ ਦਿੱਤਾ ਹੈ। ਇਹ ਮੈਚ ਦੇਸ਼ ਦੀਆਂ 10 ਵੱਖ-ਵੱਖ ਥਾਵਾਂ ‘ਤੇ ਖੇਡੇ ਜਾਣਗੇ। ਪਹਿਲੇ ਪੜਾਅ ਵਿੱਚ 22 ਮਾਰਚ ਤੋਂ 7 ਅਪ੍ਰੈਲ ਤੱਕ ਦਾ ਪ੍ਰੋਗਰਾਮ ਐਲਾਨਿਆ ਗਿਆ ਹੈ। ਇਸ ਸਮੇਂ ਦੌਰਾਨ, 17 ਦਿਨਾਂ ਵਿੱਚ 21 ਮੈਚ ਖੇਡੇ ਜਾਣਗੇ, ਜਿਸ ਵਿੱਚ 4 ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਸ਼ਾਮਲ ਹੋਣਗੇ। ਸਾਰੇ ਚਾਰ ਡਬਲ ਹੈਡਰ ਮੈਚ ਵੀਕੈਂਡ ‘ਤੇ ਹੋਣਗੇ। ਦਿਨ ਦਾ ਪਹਿਲਾ ਮੈਚ 3:30 ਵਜੇ ਤੋਂ ਖੇਡਿਆ ਜਾਵੇਗਾ ਜਦਕਿ ਦੂਜਾ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।
IPL 2024 ਦੇ ਪਹਿਲੇ ਪੜਾਅ ਦਾ ਸ਼ਡਿਊਲ ਜਾਰੀ- 22 ਮਾਰਚ ਤੋਂ ਹੋਵੇਗਾ ਆਗਾਜ਼