ਚੰਡੀਗੜ, 7 ਅਗਸਤ (ਵਿਸ਼ਵ ਵਾਰਤਾ)- ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਲਗਾਏ ਗਏ ਇਲਜਾਮ ਨਾ ਸਿਰਫ ਝੂਠੇ, ਮਨਘੜਤ ਅਤੇ ਬੇਬੁਨਿਆਦ ਹਨ ਬਲਕਿ ਉਹਨਾਂ ਦੀ ਛੋਟੀ ਅਤੇ ਤੰਗ ਦਿਲ ਸੋਚ ਦਾ ਮੁਜਾਹਿਰਾ ਵੀ ਕਰਦੇ ਹਨ। ਖਹਿਰਾ ਨੇ ਕਿਹਾ ਕਿ ਕਿਉਂਕਿ ਉਹ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪੁਲਿਸ ਤਸ਼ਦੱਦ ਦਾ ਸ਼ਿਕਾਰ ਹੋਏ ਪੀੜਤ ਨੋਜਵਾਨਾਂ ਨੂੰ ਮਿਲਣ ਵਿੱਚ ਵਿਅਸਤ ਸਨ ਇਸ ਲਈ ਉਹ ਮਾਨ ਦੀ ਪ੍ਰੈਸ ਕਾਨਫਰੰਸ ਪੂਰੀ ਨਹੀਂ ਦੇਖ ਸਕੇ। ਉਹਨਾਂ ਕਿਹਾ ਕਿ ਉਹਨਾਂ ਨੇ ਭਗਵੰਤ ਮਾਨ ਨੂੰ ਹਮੇਸ਼ਾ ਆਪਣਾ ਛੋਟਾ ਭਰਾ ਸਮਝਿਆ ਹੈ ਪਰੰਤੂ ਬਦਕਿਸਮਤੀ ਨਾਲ ਐਮ.ਪੀ ਨੇ ਬਿਨਾਂ ਕਿਸੇ ਤੱਥ ਦੇ ਉਹਨਾਂ ਉੱਪਰ ਗੰਭੀਰ ਇਲਜਾਮ ਲਗਾਏ ਹਨ ਜੋ ਕਿ ਸਿਰਫ ਇਹ ਹੀ ਦਿਖਾਉਂਦਾ ਹੈ ਕਿ ਉਹ ਬੁਰੀ ਤਰਾਂ ਨਾਲ ਬੋਖਲਾਏ ਹੋਏ ਹਨ ਅਤੇ ਮਾਨਸਿਕ ਤੋਰ ਉੱਤੇ ਡਿਪ੍ਰੈਸ਼ਨ ਵਿੱਚ ਹਨ।
ਖਹਿਰਾ ਨੇ ਕਿਹਾ ਕਿ ਉਹ ਕੱਲ ਸਵੇਰੇ ਆਪਣੇ ਐਮ.ਐਲ.ਏ ਅਤੇ ਪਾਰਟੀ ਸਾਥੀਆਂ ਨਾਲ ਸਲਾਹ ਕਰਨਗੇ ਅਤੇ ਜੇਕਰ ਉਹਨਾਂ ਨੇ ਮਨਜੂਰੀ ਦਿੱਤੀ ਤਾਂ ਹੀ ਮਾਨ ਵੱਲੋਂ ਲਗਾਏ ਗਏ ਹਰੇਕ ਬੋਗਸ ਇਲਜਾਮ ਦਾ ਜਵਾਬ ਦੇਣਗੇ। ਕਿਉਂਕਿ ਜੇਕਰ ਅੱਜ ਸੋਸ਼ਲ ਮੀਡੀਆ ਉੱਪਰ ਨਜਰ ਮਾਰੀ ਜਾਵੇ ਤਾਂ ਇਹ ਪਤਾ ਚਲਦਾ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਸ਼੍ਰੀ ਮਾਨ ਦੇ ਇਲਜਾਮਾਂ ਦੇ ਝੂਠ ਦੇ ਪੁਲੰਦੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਹੁਣ ਇਹ ਪੂਰੀ ਤਰਾਂ ਨਾਲ ਸਪੱਸ਼ਟ ਹੋ ਗਿਆ ਹੈ ਕਿ ਮਾਨ ਕਾਂਗਰਸ ਦੇ ਹੱਥਠੋਕੇ ਵਜੋਂ ਕੰਮ ਕਰ ਰਿਹਾ ਹੈ ਜਿਸ ਨਾਲ ਕਿ ਆਮ ਆਦਮੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਗਠਜੋੜ ਕਰਨ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਸ਼੍ਰੀ ਮਾਨ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਹੋਏ ਗੁਪਤ ਸਮਝੋਤੇ ਨੂੰ ਜਨਤਕ ਤੋਰ ਉੱਪਰ ਸਵੀਕਾਰ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬੀਆਂ ਨੇ ਸ਼੍ਰੀ ਮਾਨ ਅਤੇ ਪਾਰਟੀ ਦੀ ਹਰ ਪੱਖ ਤੋਂ ਹਮਾਇਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ।