ਜ਼ੀਰਕਪੁਰ ਤੇ ਡੇਰਾਬਸੀ ਨਗਰ ਕੌਂਸਲਾਂ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਕਰਵਾਏ ਕਾਰਜਾਂ ਦੀ ਹੋਵੇਗੀ ਪੜਤਾਲ
ਨਸ਼ਿਆਂ ਖਿਲਾਫ ਮੁਹਿੰਮ ਵਿੱਚ ਉਸਾਰੂ ਸੋਚ ਵਾਲੇ ਨੌਜਵਾਨਾਂ ਨੂੰ ਕੀਤਾ ਜਾਵੇ ਸ਼ਾਮਲ
ਐਸ.ਏ.ਐਸ ਨਗਰ, 03 ਅਗਸਤ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜੋ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਉਸ ਨਾਲ ਨਸ਼ਿਆਂ ਦੀ ਸਮੱਸਿਆ ਵੱਡੇ ਪੱਧਰ ‘ਤੇ ਹਲ ਹੋਈ ਹੈ ਤੇ ਪੰਜਾਬ ਦੇ ਲੋਕ ਖੁਦ ਨਸ਼ਿਆਂ ਖਿਲਾਫ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਉਣ ਲੱਗੇ ਹਨ। ਇਸ ਦੇ ਨਾਲ ਨਾਲ ਨਸ਼ੇ ਕਰਨ ਦੇ ਆਦੀ ਵਿਅਕਤੀ ਖੁਦ ਨਸ਼ਾ ਛੱਡਣ ਲਈ ਅੱਗੇ ਆ ਰਹੇ ਹਨ ਜਾਂ ਉਹਨਾਂ ਦੇ ਪਰਿਵਾਰ ਪ੍ਰਸ਼ਾਸਨ ਤੱਕ ਪਹੁੰਚ ਕਰ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਮੁਲਾਂਕਣ ਲਈ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਪ੍ਰਸ਼ਾਸਨਿਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।
ਸ. ਰੰਧਾਵਾ ਨੇ ਜ਼ੀਰਕਪੁਰ ਖੇਤਰ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਗੰਭੀਰ ਨੋਟਿਸ ਲੈਂਦਿਆਂ ਜ਼ੀਰਕਪੁਰ ਅਤੇ ਡੇਰਾਬਸੀ ਨਗਰ ਕੌਂਸਲਾਂ ਵਲੋਂ ਪਿਛਲੇ ਤਿੰਨ ਸਾਲ ਦੌਰਾਨ ਕਰਵਾਏ ਗਏ ਕਾਰਜਾਂ ਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਜਿਹੜੇ ਵੀ ਅਧਿਕਾਰੀ ਤੇ ਕਰਮਚਾਰੀ ਤਨਦੇਹੀ ਨਾਲ ਕੰਮ ਕਰਦੇ ਹਨ, ਉਹਨਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਕੰਮ ਵਿੱਚ ਢਿੱਲ ਵਰਤਣ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਕੀਮਾਂ ਅਤੇ ਵਿਭਾਗੀ ਕਾਰਵਾਈਆਂ ਦਾ ਮੁਲਾਂਕਣ ਕਰਦਿਆਂ ਉਹਨਾਂ ਨੇ ਹਦਾਇਤ ਕੀਤੀ ਕਿ ਐਸ.ਏ.ਐਸ ਨਗਰ ਵਿੱਚ ਚਲ ਰਹੇ ਪੀ.ਜੀਜ਼ ‘ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਕੋਈ ਵੀ ਮਕਾਨ ਮਾਲਕ ਪੁਲਿਸ ਨੂੰ ਸੂਚਿਤ ਕੀਤੇ ਬਿਨ੍ਹਾਂ ਕਿਰਾਏਦਾਰ ਜਾਂ ਪੇਇੰਗ ਗੈਸਟ ਨਾ ਰੱਖੇ। ਜੇ ਕੋਈ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਮਾੜੇ ਅਨਸਰਾਂ ਨੂੰ ਨੱਥ ਪਾਉਣ ਵਿੱਚ ਮਦਦ ਮਿਲੇਗੀ।
ਜੇਲ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਜ਼ਰੂਰੀ ਹੈ ਕਿ ਪਿੰਡਾਂ ਦੇ ਉਸਾਰੂ ਸੋਚ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇ। ਇਸ ਤੋਂ ਇਲਾਵਾ ਪਿੰਡਾਂ ਦੇ ਨੰਬਰਦਾਰਾਂ ਅਤੇ ਚੌਕੀਦਾਰਾਂ ਨੂੰ ਵੀ ਨਸ਼ਿਆਂ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਹਿੱਸਾ ਬਣਾਇਆ ਜਾਵੇ। ਉਹਨਾਂ ਕਿਹਾ ਕਿ ਪੰਚਾਇਤ ਵਿਭਾਗ ਇਸ ਮੁਹਿੰਮ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਕਿਉਂਕਿ ਇਹ ਵਿਭਾਗ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜਿਆਂ ਹੁੰਦਾ ਹੈ। ਜੰਗਲਾਤ ਵਿਭਾਗ ਵਲੋਂ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਦਾ ਮੁਲਾਂਕਣ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਬੂਟੇ ਲਾਉਣ ਦੇ ਨਾਲ ਨਾਲ ਬੂਟਿਆਂ ਦੀ ਸੰਭਾਲ ਵਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੜਾਅਵਾਰ ਪੂਰਾ ਕੀਤਾ ਜਾ ਰਿਹਾ ਹੈ। ਪਹਿਲਾਂ ਸੀਮਾਂਤ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਗਏ ਹਨ ਤੇ ਹੁਣ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ ਤੇ ਬਹੁਤ ਜਲਦ ਛੋਟੇ ਕਿਸਾਨਾਂ ਨੂੰ ਵੀ ਕਰਜ਼ਾਂ ਰਾਹਤ ਸਕੀਮ ਦਾ ਲਾਭ ਦਿੱਤਾ ਜਾਵੇਗਾ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸਲੱਮਜ਼ ਵਿੱਚ ਵਿਸ਼ੇਸ਼ ਸਿਹਤ ਕੈਂਪ ਲਾਏ ਜਾਣ ਅਤੇ ਸਰਕਾਰ ਵਲੋਂ ਸਿਹਤ ਸਬੰਧੀ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਸਮਾਜਿਕ ਸੁਰੱਖਿਆ ਸਬੰਧੀ ਸਕੀਮਾਂ ਦਾ ਲਾਭ ਹਰ ਇਕ ਲੋੜਵੰਦ ਤੱਕ ਪੁੱਜਦਾ ਕਰਨ ਲਈ ਵੀ ਪਿੰਡ ਪੱਧਰ ‘ਤੇ ਵੱਧ ਤੋਂ ਵੱਧ ਕੈਂਪ ਲਾਉਣ ਦੀ ਹਦਾਇਤ ਕੀਤੀ ਅਤੇ ਪੈਂਨਸ਼ਨਾਂ ਆਦਿ ਸਬੰਧੀ ਦਿਕਤਾਂ ਨੂੰ ਵੀ ਫੌਰੀ ਤੌਰ ‘ਤੇ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚ ਸਮਾਰਟ ਸਕੂਲ ਸਕੀਮ ਸਬੰਧੀ ਹੋਣ ਵਾਲੇ ਕੰਮ ਸਬੰਧਤ ਐਸ.ਡੀ.ਐਮਜ਼ ਆਪਣੀ ਨਿਗਰਾਨੀ ਵਿਚ ਕਰਵਾਉਣ। ਇਸ ਮੌਕੇ ਉਹਨਾਂ ਨੇ ਰੁਜ਼ਗਾਰ ਉੱਤਪਤੀ ਵਿਭਾਗ, ਪੰਚਾਇਤ ਵਿਭਾਗ, ਖੇਤੀਬਾੜੀ ਵਿਭਾਗ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਮੇਤ ਹੋਰਨਾਂ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਮੁਲਾਂਕਣ ਵੀ ਕੀਤਾ।
ਸ. ਰੰਧਾਵਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਸ ਢੰਗ ਨਾਲ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਅਧਿਕਾਰੀ ਕੰਮ ਕਰ ਰਹੇ ਹਨ, ਉਸ ਨਾਲ ਇਹ ਜ਼ਿਲ੍ਹਾ ਪੂਰੇ ਪੰਜਾਬ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋਇਆ ਹੈ ਤੇ ਹੋਰਨਾਂ ਜ਼ਿਲ੍ਹਿਆਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਬੈਂਸ, ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿਲੋਂ, ਯਾਦਵਿੰਦਰ ਸਿੰਘ ਕੰਗ, ਐਸ.ਡੀ.ਐਮ ਮੋਹਾਲੀ ਜਗਦੀਪ ਸਹਿਗਲ, ਐਸ.ਡੀ.ਐਮ ਡੇਰਾਬਸੀ ਪਰਮਜੀਤ ਸਿੰਘ, ਐਸ.ਡੀ.ਐਮ ਖਰੜ ਵਿਨੋਦ ਬਾਂਸਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।