ਬਠਿੰਡਾ ਕਨਵੈੱਨਸ਼ਨ ਵਿਚ ਸ਼ਮੂਲੀਅਤ ਕਰਨ ਵਾਲੇ ਵਿਧਾਇਕ ਅਤੇ ਆਗੂ ਗੁਮਰਾਹ, ਉਮੀਦ ਹੈ ਕਿ ਉਹ ਜਲਦ ਪਾਰਟੀ ਦੇ ਨਿਯਮਾਂ ਅਧੀਨ ਵਾਪਸ ਆਉਣਗੇ- ਡਾ. ਬਲਬੀਰ ਸਿੰਘ
ਚੰਡੀਗੜ੍ਹ, 2 ਅਗਸਤ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਦੇ ਵਿਧਾਇਕ ਅਤੇ ਆਗੂ ਜਿੰਨਾ ਨੇ ਬਠਿੰਡਾ ਕਨਵੈੱਨਸ਼ਨ ਵਿਚ ਸ਼ਮੂਲੀਅਤ ਕੀਤੀ ਸੀ, ਉਹ ਗੁਮਰਾਹ ਹਨ ਅਤੇ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਆਸ ਕੀਤੀ ਕਿ ਇਹ ਆਗੂ ਜਲਦੀ ਹੀ ਪਾਰਟੀ ਦੇ ਨਿਯਮਾਂ ਅਧੀਨ ਵਾਪਸ ਆਉਣਗੇ ਅਤੇ ਸੂਬੇ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਆਗੂ ਅਜਿਹਾ ਕਰ ਕੇ ਅਜਿਹੇ ਰਸਤੇ ਉੱਤੇ ਚੱਲ ਰਹੇ ਹਨ ਜੋ ਅੱਗੇ ਜਾ ਕੇ ਬੰਦ ਹੋ ਜਾਂਦਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਸੂਬਾ ਅਤੇ ਕੇਂਦਰੀ ਲੀਡਰਸ਼ਿਪ ਨੂੰ ਪੁੱਛੇ ਬਿਨਾ ਅਜਿਹੀ ਕਨਵੈੱਨਸ਼ਨ ਕਰਨਾ ਗ਼ਲਤ ਹੈ ਅਤੇ ਨੇਤਾਵਾਂ ਨੂੰ ਅਜਿਹੀਆਂ ਗ਼ਲਤੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਡਾ. ਬਲਬੀਰ ਨੇ ਕਿਹਾ ਕਿ ਅਕਾਲੀ-ਭਾਜਪਾ ਆਰ.ਐਸ.ਐਸ. ਅਤੇ ਬੈਂਸ ਭਰਾਵਾਂ ਦੇ ਜ਼ੋਰ ਲਗਾਏ ਜਾਣ ਦੇ ਬਾਵਜੂਦ ਵੀ ਕਨਵੈੱਨਸ਼ਨ ਵਿਚ ਉਮੀਦ ਨਾਲੋਂ ਘੱਟ ਲੋਕ ਪੁੱਜੇ ਸਨ ਅਤੇ ਪਹਿਲਾਂ ਕੀਤੇ ਦਾਅਵਿਆਂ ਅਨੁਸਾਰ ਕਿ 14 ਦੇ ਕਰੀਬ ਵਿਧਾਇਕ ਕਨਵੈੱਨਸ਼ਨ ਵਿਚ ਸ਼ਮੂਲੀਅਤ ਕਰਨਗੇ ਵੀ ਝੂਠ ਸਾਬਤ ਹੋਈ ਹੈ।
ਡਾ. ਬਲਬੀਰ ਨੇ ਇਹਨਾਂ ਨੇਤਾਵਾਂ ਨੂੰ ਸੱਦਾ ਦਿੰਦੇ ਕਿਹਾ ਕਿ ਉਹ ਸੂਬੇ ਦੀ ਭਲਾਈ ਲਈ ਸੂਬਾ ਲੀਡਰਸ਼ਿਪ ਨਾਲ ਮਿਲ ਕੇ ਮੁੱਦਿਆਂ ਦੀ ਰਾਜਨੀਤੀ ਕਰਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਸ ਸਮੇਂ ਵੱਖ-ਵੱਖ ਮਾਫ਼ੀਆ ਦੀ ਮਾਰ ਝੱਲ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਕੱਠੇ ਹੋ ਕੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਡਾ. ਬਲਬੀਰ ਨੇ ਕਿਹਾ ਕਿ ਵਿਧਾਇਕਾਂ ਅਤੇ ਸੂਬਾ ਲੀਡਰਸ਼ਿਪ ਨੇ ਕੇਂਦਰੀ ਲੀਡਰਸ਼ਿਪ ਨੂੰ ਇਹਨਾਂ ਵਿਧਾਇਕਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ।