ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਕਰਮ ਸਾਰਾਭਾਈ ਸਪੇਸ ਸੈਂਟਰ ਦਾ ਦੌਰਾ
ਗਗਨਯਾਨ ਦੇ 4 ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ
ਚੰਡੀਗੜ੍ਹ,27ਫਰਵਰੀ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਰਲ ਦੇ ਤਿਰੂਵਨੰਤਪੁਰਮ ਸਥਿਤ ਵਿਕਰਮ ਸਾਰਾਭਾਈ ਸਪੇਸ ਸੈਂਟਰ (VSCC) ਪਹੁੰਚੇ। ਇਸ ਮੌਕੇ ਇਸਰੋ ਦੇ ਮੁਖੀ ਐਸ ਸੋਮਨਾਥ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਇੱਥੇ ਲਗਭਗ 1800 ਕਰੋੜ ਰੁਪਏ ਦੇ ਤਿੰਨ ਪੁਲਾੜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਦੇਸ਼ ਦੇ ਪਹਿਲੇ ਮਾਨਵ ਪੁਲਾੜ ਮਿਸ਼ਨ ਗਗਨਯਾਨ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਗਗਨਯਾਨ ਮਿਸ਼ਨ ‘ਤੇ ਭੇਜੇ ਜਾਣ ਵਾਲੇ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਐਸਟਰੋਨਾਟਸ ਵਿੰਗਸ ਦਿੱਤੇ। ਗਗਨਯਾਨ ਮਿਸ਼ਨ ‘ਤੇ ਜਿਨ੍ਹਾਂ ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ, ਉਨ੍ਹਾਂ ‘ਚ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਸ਼ਾਮਲ ਹਨ। ਇਨ੍ਹਾਂ ਚਾਰਾਂ ਨੂੰ ਰੂਸ ਵਿਚ ਸਿਖਲਾਈ ਦਿੱਤੀ ਗਈ ਹੈ।