ਚੰਡੀਗੜ੍ਹ ਮੇਅਰ ਚੋਣ ‘ਤੇ ਸੁਪਰੀਮ ਕੋਰਟ ‘ਚ ਅੱਜ ਫਿਰ ਹੋੋਵੇਗੀ ਸੁਣਵਾਈ
ਚੰਡੀਗੜ੍ਹ,20ਫਰਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ‘ਚ ਇਕ ਹੋਰ ਸੁਣਵਾਈ ਹੋਵੇਗੀ। ਗੌਰਤਲਬ ਹੈ ਕਿ ਬੀਤੇ ਦਿਨ ਸੋਮਵਾਰ ਨੂੰ ਅਦਾਲਤ ਨੇ ਮੇਅਰ ਚੋਣਾਂ ਦੇ ਸਾਰੇ ਬੈਲਟ ਪੇਪਰ ਅਤੇ ਵੀਡੀਓਜ਼ ਨੂੰ ਦਿੱਲੀ ਤਲਬ ਕੀਤਾ ਸੀ। ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਕਿ ਉਹ ਖੁਦ ਬੈਲਟ ਪੇਪਰਾਂ ਦੀ ਜਾਂਚ ਕਰਨਗੇ ਜਿਸ ਵਿੱਚ ਛੇੜਛਾੜ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੂੰ ਅਦਾਲਤ ਵਿੱਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮੇਅਰ ਦੀ ਚੋਣ ਨਵੇਂ ਸਿਰੇ ਤੋਂ ਕਰਵਾਉਣ ਦੀ ਬਜਾਏ ਮੌਜੂਦਾ ਬੈਲਟ ਪੇਪਰਾਂ ਦੇ ਆਧਾਰ ‘ਤੇ ਹੀ ਐਲਾਨ ਕਰਨ ਦੇ ਹੁਕਮ ਦਿੱਤੇ | ਅਦਾਲਤ ਨੇ ਕਿਹਾ ਕਿ ਉਹ ਇਹ ਨਿਰਦੇਸ਼ ਦੇਵੇਗੀ ਕਿ ਮੇਅਰ ਚੋਣਾਂ ਵਿੱਚ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਉਨ੍ਹਾਂ ਨਿਸ਼ਾਨਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤੀ ਜਾਵੇ ਜੋ ਪਿਛਲੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਕਲਮ ਨਾਲ ਪਾਈਆਂ ਸਨ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਬੈਲਟ ਪੇਪਰ ਅਤੇ ਵੀਡੀਓਜ਼ ਅਦਾਲਤ ਵਿੱਚ ਲਿਆਉਣ ਲਈ ਇੱਕ ਨਿਆਂਇਕ ਅਧਿਕਾਰੀ ਨਿਯੁਕਤ ਕਰਨ ਲਈ ਕਿਹਾ। ਅਦਾਲਤ ਨੇ ਪ੍ਰਸ਼ਾਸਨ ਨੂੰ ਨਿਆਂਇਕ ਅਧਿਕਾਰੀਆਂ ਅਤੇ ਰਿਕਾਰਡ ਦੀ ਸੁਰੱਖਿਆ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਅੱਜ ਦੁਪਹਿਰ 2 ਵਜੇ ਚੋਣਾਂ ਦੇ ਪੂਰੇ ਵੀਡੀਓ ਅਤੇ ਬੈਲਟ ਪੇਪਰਾਂ ਦੀ ਜਾਂਚ ਕਰੇਗੀ।