– ਖਾਲੀ ਹੋਈ ਆਸਾਮੀ ਨੂੰ ਭਰਨ ਲਈ ਤਹਿਸੀਲਦਾਰ ਖਰੜ ਨੂੰ ਕੀਤੀ ਹਦਾਇਤ
ਐਸ.ਏ.ਐਸ.ਨਗਰ, 19 ਜੁਲਾਈ (ਵਿਸ਼ਵ ਵਾਰਤਾ)- ਗੁਰਪ੍ਰੀਤ ਕੌਰ ਸਪਰਾ ਆਈ .ਏ.ਐਸ. ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ, ਐਸ.ਏ.ਐਸ.ਨਗਰ ਨੇ ਪੰਜਾਬ ਲੈਂਡ ਰੈਵੀਨਿਊ ਰੂਲਜ਼ 16 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੁਖਤਿਆਰਨਾਮੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਵਿੱਚ ਨੰਬਰਦਾਰ ਗੁਲਜ਼ਾਰ ਸਿੰਘ ਪੁੱਤਰ ਸਰਦਾਰਾ ਸਿੰਘ, ਵਾਸੀ ਖਰੜ, ਤਹਿਸੀਲ ਖਰੜ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਨੰਬਰਦਾਰੀ ਖਰੜ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਖਾਲੀ ਹੋਈ ਆਸਾਮੀ ਨੂੰ ਭਰਨ ਲਈ ਤਹਿਸੀਲਦਾਰ ਖਰੜ ਨੂੰ ਹਦਾਇਤ ਕੀਤੀ ਹੈ ਕਿ ਉਹ ਖਰੜ ਵਿੱਚ ਮੁਸ਼ਤਰੀ ਮੁਨਾਦੀ ਕਰਵਾ ਕੇ 30 ਦਿਨਾਂ ਦੇ ਅੰਦਰ-ਅੰਦਰ ਯੋਗ/ਚਾਹਵਾਨ ਵਿਅਕਤੀਆਂ ਪਾਸੋਂ ਦਰਖਾਸਤਾਂ ਪ੍ਰਾਪਤ ਕਰਨ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਦਫਤਰ ਤੋਂ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿੱਚ ਲਿਖਿਆ ਗਿਆ ਹੈ ਕਿ ਇੱਕ ਮੁਖਤਿਆਰਨਾਮਾ ਆਮ ਨੰਬਰ 72/4 ਮਿਤੀ 28 ਮਈ 2012 ਸ੍ਰੀ ਤਰਸੇਮ ਮਿੱਤਲ ਸਬ ਰਜਿਸਟਰਾਰ ਖਰੜ ਵੱਲੋਂ ਤਸਦੀਕ ਕੀਤਾ ਗਿਆ । ਇਹ ਮੁਖਤਿਆਰਨਾਮਾ 7 ਵਿਅਕਤੀਆਂ ਵੱਲੋਂ ਬਣਾਇਆ ਗਿਆ। ਮੁਖਤਿਆਰਨਾਮੇ ਵਿੱਚ ਜਿਨ੍ਹਾਂ 7 ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਮਰਿਆ ਹੋਇਆ ਸਾਬਿਤ ਹੋਇਆ ਅਤੇ ਇੱਕ ਵਿਅਕਤੀ ਹਾਜ਼ਰ ਨਹੀਂ ਸੀ । ਨੰਬਰਦਾਰ ਗੁਲਜ਼ਾਰ ਸਿੰਘ ਨੇ ਮਰ ਚੁੱਕੇ ਵਿਅਕਤੀ ਅਤੇ ਗੈਰ ਹਾਜ਼ਰ ਵਿਅਕਤੀ ਨੂੰ ਹਾਜ਼ਰ ਦੱਸ ਕੇ ਮੁਖਤਿਆਰਨਾਮੇ ਆਮ ਦੀ ਗਲਤ ਤਸਦੀਕ ਕੀਤੀ ਗਈ । ਇਸ ਤਰ੍ਹਾਂ ਨੰਬਰਦਾਰ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਧੋਖਾ ਦਿੱਤਾ ਗਿਆ ਹੈ ਅਤੇ ਗੰਭੀਰ ਦੋਸ਼ਾਂ ਦੇ ਭਾਗੀ ਬਣੇ ਹਨ। ਇੱਥੇ ਇਹ ਵਰਨਣਯੋਗ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗੀ ਰਿਪੋਰਟ ਅਨੁਸਾਰ ਨੰਬਰਦਾਰ ਗੁਲਜ਼ਾਰ ਸਿੰਘ ਖਿਲਾਫ਼ ਕਿਸੇ ਇੱਕ ਹੋਰ ਮੁਕੱਦਮਾ ਦਰਜ਼ ਹੋਣ ਕਾਰਨ 21 ਮਈ 2018 ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਹੈ ।