– ਦਿੱਲੀ ਤੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਰਾਜਨਾਥ ਸਿੰਘ ਤੋਂ ਵੀ ਸਹਿਯੋਗ ਦੀ ਮੰਗ
ਚੰਡੀਗੜ੍ਹ, 19 ਜੁਲਾਈ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਤਸਕਰੀ ਅਤੇ ਕਾਸ਼ਤ ‘ਤੇ ਨਿਯੰਤਰਣ ਲਈ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਤੋਂ ਸਹਿਯੋਗ ਲਈ ਪੱਤਰ ਲਿਖਿਆ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ ਜਿਨ੍ਹਾਂ ਦੇ ਨਿਯੰਤਰਣ ਵਿੱਚ ਦਿੱਲੀ ਪੁਲਿਸ ਹੈ। ਉਨ੍ਹਾਂ ਨੇ ਇਨ੍ਹਾਂ ਆਗੂਆਂ ਨੂੰ ਆਖਿਆ ਹੈ ਕਿ ਉਹ ਆਪਣੇ ਸਬੰਧਤ ਖੇਤਰਾਂ ਵਿੱਚ ਨਸ਼ਿਆਂ ਦੇ ਸਮਗਲਰਾਂ ਲਈ ਕਿਸੇ ਵੀ ਤਰ੍ਹਾਂ ਦੀ ਸੁਰੱਖਿਅਤ ਠਾਹਰ ਨੂੰ ਯਕੀਨੀ ਨਾ ਬਣਨ ਦੇਣ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਵਸੁੰੰਧਰਾ ਰਾਜੇ ਨੂੰ ਨਸ਼ਿਆਂ ਦੀ ਸੱਮਸਿਆ ਬਾਰੇ ਵੱਖਰੇ ਵੱਖਰੇ ਪੱਤਰ ਲਿਖੇ ਹਨ।
ਸਾਡੀਆਂ ਭਵਿੱਖੀ ਪੀੜੀਆਂ ਲਈ ਨਸ਼ੇ ਗੰਭੀਰ ਚੁਣੌਤੀ ਹੋਣ ਦੀ ਗੱਲ ਆਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਵੇਂ ਉਨ੍ਹਾਂ ਦੀ ਸਰਕਾਰ ਅਜਿਹਾ ਨਾ ਹੋਣ ਦੇਣ ਲਈ ਵਚਨਬੱਧ ਹੈ ਪਰ ਫਿਰ ਵੀ ਉਹ ਉਨ੍ਹਾਂ ਦਾ ਪੂਰੇ ਸਹਿਯੋਗ ਚਾਉਂਦੇ ਹਨ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੂੰ ਦੀ ਅਪੀਲ ਕਰਦੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਲਾਹਨਤ ਨੂੰ ਰੋਕੇ ਜਾਣ ਲਈ ਚੁੱਕੇ ਜਾ ਰਹੇ ਕਦਮਾਂ ਵਾਸਤੇ ਉਨ੍ਹਾਂ ਦੇ ਸਰਗਰਮ ਸਮਰਥਨ ਦੀ ਮੰਗ ਕੀਤੀ ਹੈ।
ਆਪਣੇ ਪੱਤਰਾਂ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਪੁਲਿਸ ਸਣੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਲਾਹ ਦੇਣ ਕਿ ਉਹ ਨਸ਼ਿਆਂ ਦੇ ਸਬੰਧ ਵਿੱਚ ਪੰਜਾਬ ਪੁਲਿਸ ਨਾਲ ਤਾਲਮੇਲ ਕਰਨ ਅਤੇ ਨਸ਼ਿਆਂ ਦੀ ਲਾਹਨਤ ਨੂੰ ਨੱਥ ਪਾਉਣ ਲਈ ਸਾਂਝੀਆਂ ਕੋਸ਼ਿਸ਼ਾਂ ਕਰਨ। ਉਨ੍ਹਾਂ ਨੇ ਮੁੱਖ ਮੰਤਰੀਆਂ ਨੂੰ ਇਹ ਬੇਨਤੀ ਵੀ ਕੀਤੀ ਕਿ ਉਹ ਨਸ਼ਿਆਂ ਦੀ ਵਰਤੋਂ ‘ਤੇ ਨਿਯੰਤਰਨ ਅਤੇ ਰੋਕਥਾਮ ਲਈ ਇਕ ਰਾਸ਼ਟਰੀ ਨੀਤੀ ਤਿਆਰ ਕਰਵਾਉਣ ਲਈ ਭਾਰਤ ਸਰਕਾਰ ‘ਤੇ ਦਬਾਅ ਪਾਉਣ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਇਨ੍ਹਾਂ ‘ਤੇ ਕਾਬੂ ਪਾਉਣ ਲਈ ਰਾਸ਼ਟਰੀ ਨੀਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਵਾਂਢੀ ਸੂਬਿਆਂ ਵਿੱਚ ਤਾਲਮੇਲ ਅਤੇ ਸਹਿਯੋਗ ਕਰਨ ਵਾਸਤੇ ਵੀ ਇਹ ਲੋੜੀਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਿਆਂ ਦੇ ਸਮਗਲਰਾਂ ਦੀ ਪੈੜ ਨੱਪਣ ਲਈ ਸਰਗਰਮ ਹੈ ਅਤੇ ਇਸ ਨੇ ਇਸ ਸਬੰਧ ਵਿੱਚ ਢੇਰ ਸਾਰੀ ਖੂਫੀਆ ਜਾਣਕਾਰੀ ਇਕੱਤਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲਾਜ਼ਮੀ ਤੌਰ ‘ਤੇ ਤੁਹਾਡੇ ਸੂਬਿਆਂ ਦੀ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਨਾਲ ਇਹ ਸੂਚਨਾ ਸਾਂਝੀ ਕਰ ਸਕਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੂੰ ਲਿੱਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਪਲੱਬਧ ਸੂਚਨਾ ਦੇ ਮੁਤਾਬਿਕ ਨਸ਼ਿਆਂ ਦੇ ਤਸਕਰ ਪੰਜਾਬ ਤੋਂ ਆਲੋਪ ਹੇ ਗਏ ਹਨ ਅਤੇ ਉਹ ਗੁਵਾਂਢੀ ਸੂਬਿਆਂ ਵਿੱਚ ਛੁਪੇ ਹੋਏ ਹਨ। ਅੰਤਰਰਾਸ਼ਟਰੀ ਸਰਹੱਦ ਦੇ ਪਾਰੋ ਨਸ਼ਿਆਂ ਦੀ ਤਸਕਰੀ ਹੋਣ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਵਰਗੇ ਗੁਵਾਂਢੀ ਸੂਬਿਆਂ ਰਾਹੀਂ ਵੀ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਹੋਣ ਦੀਆਂ ਰਿਪੋਰਟਾਂ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਪੌਦਿਆਂ ਦੀ ਖੇਤੀ ਪੰਜਾਬ ਲਈ ਚਿੰਤਾ ਵਾਲੀ ਗੱਲ ਹੈ ਕਿਉਂਕਿ ਨਸ਼ਿਆਂ ਦੀ ਖੇਤੀ ਵਾਲੇ ਸੂਬਿਆਂ ਤੋਂ ਪੰਜਾਬ ਨੂੰ ਨਸ਼ੇ ਸਪਲਾਈ ਹੋ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਦਿੱਲੀ ਸਿੱਧੇ ਤੌਰ ‘ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਦੇ ਨਿਯੰਤਰਣ ਅਤੇ ਨਿਗਰਾਨੀ ਹੇਠ ਹੈ। ਉਪਲੱਬਧ ਸੂਚਨਾ ਤੇ ਮੁਤਾਬਕ ਨਸ਼ਾ ਤਸਕਰਾਂ ਲਈ ਦਿੱਲੀ ਦਾ ਇਲਾਕਾ ਸੁਰੱਖਿਅਤ ਠਾਹਰ ਬਣਿਆ ਹੋਇਆ ਹੈ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਹਾ ਕਿ ਉਹ ਦਿੱਲੀ ਪੁਲਿਸ ਨੂੰ ਨਿਰਦੇਸ਼ ਜਾਰੀ ਕਰਨ ਕਿ ਉਹ ਨਸ਼ਿਆਂ ਦੇ ਤਸਕਰਾਂ ਨੂੰ ਕਾਬੂ ਕਰੇ ਅਤੇ ਨਸ਼ੇ ਰੋਕਣ ਲਈ ਪ੍ਰਭਾਵੀ ਰਣਨੀਤੀ ਤਿਆਰ ਕਰੇ।
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਸਣੇ ਗਵਾਂਢੀ ਸੂਬਿਆਂ ਨਾਲ ਨੇੜੇ ਦਾ ਤਾਲਮੇਲ ਬਣਾਕੇ ਦਿੱਲੀ ਪੁਲਿਸ ਨੂੰ ਕਾਰਜ ਕਰਨ ਦੀ ਸਲਾਹ ਦੇਣ ਵਾਸਤੇ ਵੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਤਾਂ ਜੋ ਸਮਾਜ ਵਿੱਚੋ ਨਸ਼ਿਆਂ ਦਾ ਸਫਾਇਆ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਰਤੋਂ ‘ਤੇ ਨਿਯੰਤਰਨ ਅਤੇ ਰੋਕਥਾਮ ਬਾਰੇ ਰਾਸ਼ਟਰੀ ਨੀਤੀ ਦੇ ਹੇਠ ਹੀ ਸਾਂਝੀਆਂ ਕੋਸ਼ਿਸ਼ਾ ਦੇ ਰਾਹੀਂ ਅਗਲੀ ਪੀੜੀਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਚੋਹਾਂ ਆਗੂਆਂ ਨੂੰ ਲਿੱਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਅਤੇ ਨਸ਼ਾ ਤਸਕਰਾਂ ਦਾ ਖੁਰਾਖੋਜ ਮਿਟਾਉਣ ਲਈ ਇਕ ਮੁਹਿੰਮ ਚਲਾਈ ਹੋਈ ਹੈ। ਇਸ ਦੇ ਨਾਲ ਹੀ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਤਿੰਨ ਪੜਾਅ ਈ.ਡੀ.ਪੀ ਰਣਨੀਤੀ ਲਾਗੂ ਕੀਤੀ ਗਈ ਹੈ ਜਿਸਦੇ ਹੇਠ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਾ, ਨਸ਼ਾ ਛੁਡਾਉਣਾ ਅਤੇ ਨਸ਼ਿਆਂ ਦੀ ਰੋਕਥਾਮ ਕਰਨਾ ਸ਼ਾਮਲ ਹੈ। ਇਸ ਨੀਤੀ ਨੇ ਵਧੀਆ ਨਤੀਜੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਕੁੱਝ ਹਫਤਿਆਂ ਤੋਂ ਪੰਜਾਬ ਵਿੱਚ ਨਸ਼ਿਆਂ ਵਿਰੋਧੀ ਲੋਕ ਲਹਿਰ ਸ਼ੁਰੂ ਕਰਨ ਵਿੱਚ ਸਫਲਤਾ ਮਿਲੀ ਹੈ ਅਤੇ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਇਲਾਜ ਲਈ ਲੋਕ ਬਹੁਤ ਜ਼ਿਆਦਾ ਮਾਤਰਾ ਵਿੱਚ ਆਉਣ ਲੱਗ ਪਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਸਬੰਧ ਵਿੱਚ ਨੌਜਵਾਨਾ ਵਿੱਚ ਜਾਗਰੂਕਤਾ ਆ ਰਹੀ ਹੈ ਅਤੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਗਿਣਤੀ ਦਾ ਵਧਣਾ ਇਸ ਗੱਲ ਦਾ ਸਬੂਤ ਹੈ।