ਚੰਡੀਗੜ, 17 ਜੁਲਾਈ (ਵਿਸ਼ਵ ਵਾਰਤਾ) : ਸੂਬੇ ਵਿੱਚ ਚਲਾਏ ਜਾ ਰਹੇ ‘ਆਊਟਪੇਸ਼ੈਂਟ ਓਪੀਓਡ ਅਸਿਸਟਡ ਟ੍ਰੀਟਮੈਂਟ ਕਲੀਨਿਕਸ’ ਦੀ ਵਿਆਪਕ ਪੱਧਰ ‘ਤੇ ਸਫ਼ਲਤਾ ਨੂੰ ਵੇਖਦੇ ਹੋਏ, ਹੁਣ ਪੰਜਾਬ ਸਰਕਾਰ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਨਵੇਂ ਓ.ਓ.ਏ.ਟੀ. ਕਲੀਨਿਕ ਸਥਾਪਿਤ ਕਰਨ ਜਾ ਰਹੀ ਹੈ। ਪਹਿਲੇ ਪੜਾਅ ਵਿੱਚ ਐਸ.ਏ.ਐਸ. ਨਗਰ, ਫਤਿਹਗੜ• ਸਾਹਿਬ ਤੇ ਰੂਪਨਗਰ ਵਿਖੇ 12 ਕਲੀਨਿਕ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਸਥਾਪਿਤ ਕੀਤੇ ਜਾਣਗੇ।
ਇਸ ਦਾ ਖੁਲਾਸਾ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੇਂਡੂ ਪੱਧਰ ‘ਤੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਅਤੇ ਇਲਾਜ ਮੁਹੱਇਆ ਕਰਵਾਉਣ ਲਈ ਕਮਿਊਨਟੀ ਸਿਹਤ ਕੇਂਦਰਾਂ ਵਿੱਚ ਓ.ਓ.ਏ.ਟੀ. ਕਲੀਨਿਕਸ ਖੋਲੇ ਜਾ ਰਹੇ ਹਨ ਜਿਸ ਦੁਆਰਾ ਨਸ਼ੇ ਦੇ ਆਦੀ ਮਰੀਜ਼ ਹਸਪਤਾਲ ਵਿੱਚ ਬਿਨਾਂ ਦਾਖ਼ਲ ਹੋਏ ਨਸ਼ੇ ਤੋਂ ਨਿਜਾਤ ਪਾਉਣ ਲਈ ਆਪਣਾ ਇਲਾਜ ਕਰਵਾ ਸਕਦੇ ਹਨ। ਉਨਾ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਲੀਨਿਕਾਂ ਤੇ ਕੇਂਦਰਾਂ ਦੀ ਕਾਰਗੁਜ਼ਾਰੀ ਨਿਸ਼ਚਿਤ ਕੀਤੇ ਗਏ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਹੀ ਕਰਨ ਅਤੇ ਕਲੀਨਿਕਾਂ ਵਿੱਚ ਰੋਜ਼ਾਨਾ ਆ ਰਹੇ ਮਰੀਜ਼ਾਂ ਦੀ ਹਾਜ਼ਰੀ ਲਾਉਣਾ ਵੀ ਯਕੀਨੀ ਬਣਾਉਣ।
ਮੰਤਰੀ ਨੇ ਕਿਹਾ ਕਿ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਲੋੜ ਪੈਣ ‘ਤੇ ਮਨੋਰੋਗੀ ਮਾਹਿਰਾਂ ਜਾਂ ਹੋਰ ਸਬੰਧਤ ਸਟਾਫ ਜਿਵੇਂ ਕਿ ਸਟਾਫ ਨਰਸ (ਪੁਰਸ਼), ਵਾਰਡ ਅਟੈਂਡੈਂਟ, ਸਕਿਉਰਟੀ ਗਾਰਡ ਤੇ ਕਾਉਂਸਲਰਾਂ ਦੀ ਭਰਤੀ ਦੇ ਅਧਿਕਾਰ ਨਸ਼ਾ ਛੁਡਾਊ ਤੇ ਮੁੜ ਵਸੇਬਾ ਸੁਸਾਇਟੀ ਨੂੰ ਦੇ ਦਿੱਤੇ ਗਏ ਹਨ ਜਿਸਦੀ ਅਗਵਾਈ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੀ ਜਾ ਰਹੀ ਹੈ।
ਉਨਾ ਕੇਂਦਰਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਜ਼ਰੂਰੀ ਦਵਾਈਆਂ ਅਤੇ ਮੁਫ਼ਤ ਟੈਸਟਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੀਆਂ ਦਵਾਈਆਂ ਸੈਂਟਰਲ ਵੇਅਰ ਹਾਊਸ ਵਿਖੇ ਪੂਰਨ ਤੌਰ ‘ਤੇ ਉਪਲੱਬਧ ਹਨ ਅਤੇ ਨਸ਼ਾ ਛੁਡਾਊ ਕੇਦਰਾਂ ਨਾਲ ਲਗਦੇ ਸਰਕਾਰੀ ਹਸਪਤਾਲਾਂ ਵਿੱਚ ਟੈਸਟਾਂ ਦੀ ਸੁਵਿਧਾ ਮੁਫ਼ਤ ਦਿੱਤੀ ਜਾ ਰਹੀ ਹੈ।
ਸਿਹਤ ਮੰਤਰੀ ਨੇ ਦੁਹਰਾਉਂਦਿਆਂ ਕਿਹਾ ਕਿ ਰਾਜ ਸਰਕਾਰ ਕਮਜ਼ੋਰ ਵਰਗ ਦੇ ਲੋੜਵੰਦਾਂ ਨੂੰ ਹਰ ਤਰਾਂ ਦੀ ਸਿਹਤ ਸੇਵਾ ਤੇ ਇਲਾਜ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਗਰੀਬ ਪਰਿਵਾਰਾਂ ਦੇ ਨਾਲ ਸਬੰਧਤ ਨਸ਼ੇ ਦੇ ਆਦੀ ਮਰੀਜ਼ਾਂ ਦਾ ਮੁਫ਼ਤ ਇਲਾਜ ਯਕੀਨੀ ਤੌਰ ‘ਤੇ ਕੀਤਾ ਜਾਵੇ। ਉਨਾਂ ਕਿਹਾ ਕਿ ਲੋੜਵੰਦਾਂ ਨੂੰ ਮੁਫ਼ਤ ਇਲਾਜ ਮੁਹੱਇਆ ਕਰਵਾਉਣ ਲਈ ਜਿਲਾ ਪੱਧਰ ਦੀਆਂ ਸੁਸਾਇਟੀਆਂ ਤੇ ਮਨਰੋਗੀ ਮਾਹਿਰਾਂ ਨੂੰ ਅਧਿਕਾਰੀ ਦਿੱਤੇ ਗਏ ਹਨ ਕਿ ਜੇਕਰ ਕਿਸੇ ਮਾਮਲੇ ਵਿੱਚ ਕਿਸੇ ਲੋੜਵੰਦ ਵਿਅਕਤੀ ਕੋਲ ਭਾਵੇਂ ਬੀ.ਪੀ.ਐਲ. ਕਾਰਡ ਨਾ ਵੀ ਹੋਵੇ ਤਾਂ ਵੀ ਉਸਨੂੰ ਨਸ਼ੇ ਤੋਂ ਨਿਜਾਤ ਪਾਉਣ ਲਈ ਮਿਆਰੀ ਸਿਹਤ ਸੇਵਾਵਾਂ ਤੇ ਇਲਾਜ ਪ੍ਰਦਾਨ ਕੀਤਾ ਜਾਵੇ। ਉਨਾ ਕਿਹਾ ਕਿ ਇਨਾ ਆਦੇਸ਼ਾਂ ਸਬੰਧੀ ਹਦਾਇਤਾਂ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਮਨੋਰੋਗੀ ਮਾਹਿਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਮਹੱਤਵਪੂਰਨ ਪ੍ਰੋਗਰਾਮ ਲਈ ਜੇ ਹੋਰ ਰਾਸ਼ੀ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਇਸਦਾ ਭੁਗਤਾਨ ਕਰਨਗੇ।
ਉਨਾ ਦੱਸਿਆ ਕਿ ਓ.ਓ.ਏ.ਟੀਜ਼ ਕੇਂਦਰਾਂ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਿਰੰਤਰ ਵੱਧ ਰਹੀ ਹੈ ਅਤੇ ਇਨਾ ਕਲੀਨਿਕਾਂ ਵਿੱਚ ਮੁਫ਼ਤ ਇਲਾਜ ਮਿਲਣ ਕਾਰਨ ਮਰੀਜ਼ ਇਸਨੂੰ ਪਹਿਲ ਦੇ ਅਧਾਰ ‘ਤੇ ਤਰਜੀਹ ਦੇ ਰਹੇ ਹਨ। ਉਨਾ ਕਿਹਾ ਕਿ ਜੂਨ ਵਿੱਚ 70 ਨਵੇਂ ਮਰੀਜ਼ ਪ੍ਰਤੀ ਦਿਨ ਔਸਤਨ ਰਜਿਸਟ੍ਰੇਸ਼ਨ ਤੋਂ ਵੱਧ ਕੇ ਜੁਲਾਈ ਵਿੱਚ 408 ਨਵੇਂ ਮਰੀਜਾਂ ਤੱਕ ਪਹੁੰਚ ਗਈ ਹੈ। ਇਸ ਨਾਲ ਇਨਾ ਕਲੀਨਿਕਾਂ ਵਿੱਚ ਇਲਾਜ ਲਈ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਜੂਨ ਵਿੱਚ 2345 ਪ੍ਰਤੀ ਦਿਨ ਤੋਂ ਵੱਧ ਕੇ ਜੁਲਾਈ ਵਿੱਚ 4408 ਪ੍ਰਤੀ ਦਿਨ ਹੋ ਗਈ ਹੈ। ਉਨਾ ਕਿਹਾ ਕਿ ਇਹ ਗਿਣਤੀ ਅਗਲੇ ਦੋ ਹਫ਼ਤੇ ਤੱਕ ਕਾਫੀ ਹੱਦ ਤੱਕ ਵਧਣ ਦੀ ਉਮੀਦ ਹੈ ਅਤੇ ਜੁਲਾਈ ਦੇ ਅੰਤ ਤੱਕ ਹੋਰ ਵੱਧ ਸਕਦੀ ਹੈ। ਉਨਾ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ 81 ਕਲੀਨਿਕ ਵਿਖੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਸ੍ਰੀ ਮਹਿੰਦਰਾ ਨੇ ਕਿਹਾ ਕਿ ਕਮਿਉਨਟੀ ਸਿਹਤ ਕੇਂਦਰਾਂ ਵਿੱਚ ਕਲੀਨਿਕਾਂ ਨੂੰ ਹੋਰ ਪ੍ਰਭਾਵੀ ਢੰਗ ਨਾਲ ਇਲਾਜ ਮੁਹੱਈਆ ਕਰਵਾਉਣ ਲਈ ਗਠਿਤ ਟੀਮਾਂ ਨੂੰ ਕਪੈਸਟੀ ਬਿਲਡਿੰਗ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਵਿੱਚ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ ਅਤੇ ਡਾਟਾ ਐਂਟਰੀ ਆਪਰੇਟਰ ਸ਼ਾਮਲ ਹਨ।