
– ਦੋਸ਼ੀਆਂ ਖਿਲਾਫ ਕੇਸ ਹੋਇਆ ਦਰਜ
– ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਧੱਕੇਸ਼ਾਹੀ ਦੀ ਕੋਈ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਾਂਗੇ : ਮਜੀਠੀਆ, ਸਿਰਸਾ
ਚੰਡੀਗੜ੍ਹ, 7 ਜੁਲਾਈ : ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਜੰਮੂ ਕਸ਼ਮੀਰ ਦੇ ਤਰਾਲ ਵਿਖੇ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਜਿਥੇ ਇਕ ਸਿੱਖ ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਇਸਲਾਮ ਧਾਰਨ ਕਰਾਉਣ ਦਾ ਯਤਨ ਕੀਤਾ ਗਿਆ ਤੇ ਲੜਕੀ ਵੱਲੋਂ ਅਜਿਹਾ ਕਰਨ ਤੋਂ ਇਨਕਾਰ ਕਰਨ ‘ਤੇ ਇਸਲਾਮਿਕ ਕੱਟੜਵਾਦੀਆਂ ਵੱਲੋਂ ਕੀਤੇ ਹਮਲੇ ਵਿਚ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਦੋਹਾਂ ਆਗੂਆਂ ਨੇ ਇਹ ਮਾਮਲਾ ਸੂਬੇ ਦੇ ਡੀ ਜੀ ਪੀ ਕੋਲ ਉਠਾਇਆ ਜਿਹਨਾਂ ਨੇ ਕੇਸ ਵਿਚ ਤੁਰੰਤ ਕਾਰਵਾਈ ਦਾ ਭਰੋਸਾ ਦੁਆਇਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਮਜੀਠੀਆ, ਜੋ ਕਿ ਅਕਾਲੀ ਦਲ ਦੇ ਜੰਮੂ ਕਸ਼ਮੀਰ ਮਾਮਲਿਆਂ ਦੇ ਇੰਚਾਰਜ ਵੀ ਹਨ, ਅਤੇ ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਇਕ ਸਿੱਖ ਲੜਕੀ ਨੇ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੱਖਣੀ ਕਸ਼ਮੀਰ ਵਿਚ ਦਾਖਲਾ ਲਿਆ, ਜਿਥੇ ਉਸਨੂੰ ਜਬਰੀ ਇਸਲਾਮ ਧਾਰਨ ਕਰਨ ਤੇ ਰਮਜ਼ਾਨ ਦੇ ਮਹੀਨੇ ਵਿਚ ਵਰਤ ਰੱਖਣ ਅਤੇ ਕਾਲਜ ਆਉਂਦੀਆਂ ਹੋਰ ਮੁਸਲਿਮ ਲੜਕੀਆਂ ਵਾਂਗ ਸਿਰ ‘ਤੇ ਸਕਾਰਫ ਲੈਣ ਵਾਸਤੇ ਮਜਬੂਰ ਕੀਤਾ ਗਿਆ। ਜਦੋਂ ਲੜਕੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਲੜਕੀਆਂ ਦਾ ਗਲਾ ਘੁਟਣ ਦਾ ਯਤਨ ਕੀਤਾ ਤੇ ਬਾਅਦ ਵਿਚ ਦੋ ਮੋਟਰ ਸਾਈਕਲ ਸਵਾਰਵਿਅਕਤੀਆਂ ਨੇ ਉਸਨੂੰ ਛੁਰਾ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਮਾਮਲੇ ਵਿਚ ਕੇਸ ਤਾਂ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਲੜਕੀ ਦਾ ਪਰਿਵਾਰ ਬਹੁਤ ਦਹਿਸ਼ਤ ਵਿਚ ਹੈ ਕਿਉਂਕਿ ਉਹਨਾਂ ਨੂੰ ਸੋਸ਼ਲ ਮੀਡੀਆ ਐਪਸ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਹੋਰ ਦੱਸਿਆ ਕਿ ਜਦੋਂ ਉਹਨਾਂ ਨੇ ਲੜਕੀ ਦੇ ਪਿਤਾ ਸ੍ਰ ਅਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਹੁਣ ਵਾਦ ਛੱਡਣ ਤੋਂ ਇਲਾਵਾ ਹੋਰ ਕੋਈ ਰਾਹ ਬਾਕੀ ਨਹੀਂ ਰਹ ਗਿਆ ਹੈ। ਦੋਹਾਂ ਆਗੂਆਂ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਬਲਕਿ ਸਾਰਾ ਭਾਈਚਾਰਾ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਦੀ ਸੁਰੱਖਿਆ ਹਰ ਹੀਲੇ ਯਕੀਨੀ ਬਣਾਈ ਜਾਵੇਗੀ।
ਉਹਨਾਂ ਇਹ ਵੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਗੁਰੂ ਸਾਹਿਬਾਨ ਵੱਲੋਂ ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਉਪਦੇਸ਼ ਵਿਚ ਵਿਸ਼ਵਾਸ ਕਰਦਾ ਹੈ ਤੇ ਨਾਲ ਹੀ ਭਾਰਤੀ ਸੰਵਿਧਾਨ ਵਿਚ ਦੱਸੇ ਧਰਮ ਦੀ ਆਜ਼ਾਦੀ ਤੇ ਸਹਿਣਸ਼ੀਲਤਾ ਦੇ ਸਿਧਾਂਤਾਂ ਨੂੰ ਵੀ ਮੰਨਦਾ ਹੈ। ਉਹਨਾਂ ਨੇ ਮੁਸਲਿਮ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਜਬਰੀ ਧਰਮ ਪਰਿਵਰਤਨ ਕਰਵਾਉਣ ਤੇ ਧੱਕੇਸ਼ਾਹੀ ਦੇ ਯਤਨਾਂ ਦੀ ਨਿਖੇਧੀ ਕਰਨ।
ਦੋਹਾਂ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਜਿਸਨੇ ਸੂਬੇ ਵਿਚ ਇਸਲਾਮਿਕ ਕੱਟੜਵਾਦੀਆਂ ਵੱਲੋਂ ਇਸ ਸੂਬੇ ਜਿਸ ਵਿਚ ਸਿੱਖ ਤੇ ਹੋਰ ਗੈਰ ਮੁਸਲਿਮ ਘੱਟ ਗਿਣਤੀਆਂ ਜਿਹਨਾਂ ਦੀ ਵਸੋਂ ਸੂਬੇ ਵਿਚ ਬਹੁਤ ਘੱਟ ਹੈ, ਕੀਤੇ ਜਾ ਰਹੇ ਕਾਰੇ ਨੁੰ ਬੇਨਕਾਬ ਕੀਤਾ ਹੈ। ਉਹਨਾਂ ਕਿਹਾ ਕਿ ਕੱਟੜਵਾਦੀਆਂ ਦੀਆਂ ਇਹ ਕਾਰਵਾਈਆਂ ਦੇਸ਼ ਦੇ ਲੋਕਤੰਤਰੀ ਢਾਂਚੇ ਲਈ ਵੀ ਗੰਭੀਰ ਖਤਰਾ ਹਨ। ਉਹਨਾਂ ਨੇ ਸੂਬੇ ਦੇ ਰਾਜਪਾਲ ਨੂੰ ਕਿਹਾ ਕਿ ਜਦੋਂ ਪੁਲਿਸ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਅਜਿਹੇ ਧਾਰਮਿਕ ਸਿਰਫਿਰਿਆਂ ਤੋਂ ਬਚਾਉਣ ਵਿਚ ਨਾਕਾਮ ਹੈ ਤਾਂ ਫਿਰ ਅਤਿਵਾਦੀਆਂ ਤੋਂ ਲੋਕਾਂ ਦਾ ਬਚਾਅ ਕਿਵੇਂ ਕਰੇਗੀ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੇਸ ਵਿਚ ਤੁਰੰਤ ਕਾਰਵਾਈ ਕਰੇ ਤੇ ਲੜਕੀ ਤੇ ਉਸਦੇ ਪਰਿਵਾਰ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਸਮਾਜ ਵਿਚ ਨਫਰਤ ਫੈਲਾਉਣ ਵਾਲੇ ਅਜਿਹੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਸ੍ਰੀ ਮਜੀਠੀਆ ਤੇ ਸ੍ਰੀ ਸਿਰਸਾ ਨੇ ਕਿਹਾ ਕਿ ਅਜਿਹੇ ਕੱਟੜਵਾਦੀਆਂ ਨੂੰ ਤੁਰੰਤ ਜੇਲ੍ਹਾਂ ਵਿਚ ਡਕਣਾ ਚਾਹੀਦਾ ਹੈ ਤਾਂ ਕਿ ਇਹ ਨਫਰਤ ਭਰਿਆ ਪ੍ਰਚਾਰ ਹੋਰ ਨਾ ਫੈਲੇ ਤੇ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ। ਉਹਨਾਂ ਨੇ ਕੇਂਦਰ ਸਰਕਾਰ ਤੇ ਜੰਮੂ ਕਸ਼ਮੀਰ ਦੇ ਰਾਜਪਾਲ ਤੋਂ ਵੀ ਤੁਰੰਤ ਦਖਲ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਲੋਕ ਨਿਆਂ ਹਾਸਲ ਕਰਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਸੜਕਾਂ ‘ਤੇ ਉਤਰਣ ਲਈ ਮਜਬੂਰ ਹੋਣਗੇ।
ਸ੍ਰੀ ਸਿਰਸਾ ਨੇ ਕੇਂਦਰ ਸਰਕਾਰ ਨੂੰ ਇਹ ਵੀ ਚੇਤੇ ਕਰਵਾਇਆ ਕਿ ਸਿੱਖਾਂ ਨੇ ਕਦੇ ਵੀ ਕਸ਼ਮੀਰ ਵਾਦੀ ਨਹੀਂ ਛੱਡੀ ਤੇ ਇਸੇ ਕਾਰਨ ਹੀ ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਦਾ ਪਲਾਇਨ ਸ਼ੁਰੂ ਹੋ ਗਿਆ ਤਾਂ ਫਿਰ ਸਰਕਾਰ ਲਈ ਕਸ਼ਮੀਰ ਨੂੰ ਦੇਸ਼ ਨਾਲ ਰੱਖਣਾ ਔਖਾ ਹੋ ਜਾਵੇਗਾ।






















