
– ਹਰੇਕ ਸ਼ਹਿਰੀ ਸਥਾਨਕ ਸਰਕਾਰ ਪੱਧਰ ‘ਤੇ 24X7 ਚੱਲਣ ਵਾਲੇ ਕੰਟਰੋਲ ਰੂਮ ਸਥਾਪਿਤ ਕੀਤੇ ਜਾਣ: ਨਵਜੋਤ ਸਿੰਘ ਸਿੱਧੂ
– ਸਥਾਨਕ ਸਰਕਾਰ ਮੰਤਰੀ ਵਲੋਂ ਸਮੂਹ ਕਮਿਸ਼ਨਰਾਂ ਤੇ ਖੇਤਰੀ ਡਿਪਟੀ ਡਾਇਰੈਕਟਰਾਂ ਨੂੰ ਹਦਾਇਤਾਂ
ਚੰਡੀਗੜ, 6 ਜੁਲਾਈ (ਵਿਸ਼ਵ ਵਾਰਤਾ) : ਮਾਨਸੂਨ ਵਲੋਂ ਦਿੱਤੀ ਦਸਤਕ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸਮੂਹ ਮਿਊਂਸੀਪਲ ਕਾਰਪੋਰੇਸ਼ਨਾਂ ਦੇ ਕਮਿਸ਼ਨਰਾਂ ਅਤੇ ਵਿਭਾਗ ਦੇ ਖੇਤਰੀ ਡਿਪਟੀ ਡਾਇਰੈਕਟਰਾਂ ਨੂੰ ਕਮਰਕੱਸੇ ਕਸ ਲੈਣ ਲਈ ਕਿਹਾ ਹੈ। ਉਨਾਂ ਹਦਾਇਤਾਂ ਦਿੱਤੀਆਂ ਹਨ ਕਿ ਹਰੇਕ ਸਥਾਨਕ ਸਰਕਾਰ ਦੇ ਪੱਧਰ ‘ਤੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ ਜੋ ਕਿ 24 ਘੰਟੇ ਕੰਮ ਕਰੇਗਾ ਅਤੇ ਇਸ ਤੋਂ ਇਲਾਵਾ ਇਸ ਕਾਰਜ ਲਈ ਨੋਡਲ ਅਧਿਕਾਰੀ ਵੀ ਨਿਯੁਕਤ ਕੀਤੇ ਜਾਣ।
ਇੱਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਮਾਨਸੂਨ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸਮੂਹ ਸੜਕਾਂ ਅਤੇ ਬਰਸਾਤੀ ਨਾਲ਼ੇ ਲੋੜੀਂਦੀ ਮਸ਼ੀਨਰੀ ਨਾਲ ਪੂਰਨ ਤੌਰ ‘ਤੇ ਸਾਫ਼ ਰੱਖੇ ਜਾਣ। ਉਨਾਂ ਅੱਗੇ ਹਦਾਇਤਾਂ ਦਿੱਤੀਆਂ ਕਿ ਹਰੇਕ ਸ਼ਹਿਰੀ ਸਥਾਨਕ ਸਰਕਾਰ ਦੇ ਪੱਧਰ ‘ਤੇ ਤਾਇਨਾਤ ਅਮਲੇ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਰੱਖਿਆ ਜਾਵੇ।
ਸਥਾਨਕ ਸਰਕਾਰ ਮੰਤਰੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੜਾਂ ਦੀ ਰੋਕਥਾਮ ਸਬੰਧੀ ਅਗਾਊਂ ਕਦਮ ਚੁੱਕਣ ਵਿੱਚ ਕਿਸੇ ਨੇ ਵੀ ਕੋਈ ਕੁਤਾਹੀ ਵਰਤੀ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਅੱਗੇ ਵੇਰਵੇ ਦਿੰਦੇ ਹੋਏ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਹੜਾਂ ਦੀ ਸਥਿਤੀ ਸਬੰਧੀ ਕੋਈ ਵੀ ਸ਼ਿਕਾਇਤ ਜਾਂ ਸੂਚਨਾ ਟੋਲ ਫ਼ਰੀ ਨੰਬਰ 1800-1800-0172 ‘ਤੇ ਦਰਜ ਕਰਵਾਈ ਜਾ ਸਕਦੀ ਹੈ ਅਤੇ ਇਹ ਨੰਬਰ ਚੰਡੀਗੜ• ਵਿਖੇ ਪਹਿਲਾਂ ਤੋਂ ਹੀ ਚਾਲੂ ਹੈ। ਉਨ•ਾਂ ਅੱਗੇ ਦੱਸਿਆ ਕਿ ਸ਼ਹਿਰੀ ਖੇਤਰਾਂ ਦੇ ਹੜਾਂ ਨਾਲ ਨਜਿੱਠਣ ਸਬੰਧੀ ਕੇਂਦਰੀ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਫੀਲਡ ਦਫ਼ਤਰਾਂ ਨੂੰ ਭੇਜ ਦਿੱਤੇ ਗਏ ਹਨ। ਉਨਾਂ ਅੱਗੇ ਕਿਹਾ ਕਿ ਇਸ ਮੁੱਦੇ ਸਬੰਧੀ ਫੀਲਡ ਦਫ਼ਤਰਾਂ ਦੁਆਰਾ ਹਫ਼ਤਾਵਾਰੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਜਾਵੇ।






















