– ਆਪਣੀ ਸਰਕਾਰ ਵਿੱਚ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਵਾਲੇ ਪਰਕਾਸ਼ ਸਿੰਘ ਬਾਦਲ ਨੂੰ ਵਿਧਾਇਕਾਂ ਦੇ ਡੋਪ ਟੈਸਟ ਦੀ ਮੰਗ ਦਾ ਨੈਤਿਕ ਅਧਿਕਾਰ ਨਹੀਂ
– ਸਹਿਕਾਰਤਾ ਮੰਤਰੀ ਨੇ ਸੁਖਬੀਰ ਬਾਦਲ ਦਾ ਡੋਪ ਟੈਸਟ ਤੇ ਬਾਕੀ ਕੁਝ ਲੀਡਰਾਂ ਦੇ ਨਾਰਕੋ ਟੈਸਟ ਦੀ ਮੰਗ ਕੀਤੀ
ਚੰਡੀਗੜ, 5 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਉਣ ਦੇ ਐਲਾਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਵਿਧਾਇਕਾਂ ਤੇ ਮੰਤਰੀਆਂ ਦੇ ਡੋਪ ਟੈਸਟ ਕਰਵਾਉਣ ਦੀ ਮੰਗ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਨਸ਼ਿਆਂ ਦੇ ਮਾਮਲੇ ‘ਤੇ ਅਕਾਲੀਆਂ ਨੇ ਆਪਣੀ ਸਰਕਾਰ ਵੇਲੇ ਸਹੀ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਪੰਜਾਬ ਨੂੰ ਅੱਜ ਆਹ ਦਿਨ ਨਹੀਂ ਦੇਖਣੇ ਪੈਣਗੇ।
ਪਰਕਾਸ਼ ਸਿੰਘ ਬਾਦਲ ਨੂੰ ਆੜੇ ਹੱਥੀ ਲੈਂਦਿਆਂ ਸ. ਰੰਧਾਵਾ ਨੇ ਪੰਜ ਸਾਲ ਪੁਰਾਣੀ ਗੱਲ ਚੇਤੇ ਕਰਵਾਉਂਦਿਆਂ ਕਿਹਾ ਕਿ ਸਾਲ ਦਸੰਬਰ 2013 ਵਿੱਚ ਜਦੋਂ ਅਕਾਲੀ ਸਰਕਾਰ ਸੀ ਤਾਂ ਉਨਾਂ ਨੇ ਵਿਧਾਨ ਸਭਾ ਵਿੱਚ ਇਹ ਮੰਗ ਕੀਤੀ ਸੀ ਕਿ ਸਾਰੇ ਵਿਧਾਇਕ ਡੋਪ ਟੈਸਟ ਕਰਵਾਉਣ। ਉਸ ਵੇਲੇ ਬਾਦਲ ਵੱਲੋਂ ਖਾਮੋਸ਼ੀ ਧਾਰੀ ਗਈ ਪ੍ਰੰਤੂ ਅੱਜ ਉਹ ਕਿਹੜੇ ਮੂੰਹ ਨਾਲ ਵਿਧਾਇਕਾਂ ਦੇ ਡੋਪ ਟੈਸਟ ਦੀ ਮੰਗ ਕਰ ਰਹੇ ਹਨ। ਉਨਾ ਕਿਹਾ ਕਿ ਉਸ ਵੇਲੇ ਉਨਾ ਵਿਧਾਨ ਸਭਾ ਦੀ ਫਲੋਰ ‘ਤੇ ਨਸ਼ਿਆਂ ਦੇ ਮਾਮਲੇ ‘ਤੇ ਪਰਕਾਸ਼ ਸਿੰਘ ਬਾਦਲ ਨੂੰ ਦਰਬਾਰ ਸਾਹਿਬ ਜਾ ਕੇ ਸਹੁੰ ਚੁੱਕਣ ਲਈ ਵੀ ਵੰਗਾਰਿਆ ਸੀ। ਉਨਾ ਕਿਹਾ ਕਿ ਅਕਾਲੀ ਦਲ ਜਦੋਂ ਸੱਤਾ ਵਿੱਚ ਹੁੰਦਾ ਹੈ ਤਾਂ ਉਦੋਂ ਹੋਰ ਹੁੰਦਾ ਹੈ ਅਤੇ ਸੱਤਾ ਤੋਂ ਬਾਹਰ ਜਾ ਕੇ ਉਨਾੰ ਦੇ ਬਿਆਨ ਬਦਲ ਜਾਂਦੇ ਹਨ। ਉਨਾ ਕਿਹਾ ਕਿ ਪੰਜਾਬ ਵਿੱਚ ਨਾਰਕੋ ਅਤਿਵਾਦ ਅਤੇ ਨਸ਼ਿਆਂ ਲਈ ਅਕਾਲੀ ਦਲ ਪੂਰੀ ਤਰਾ ਜ਼ਿੰਮੇਵਾਰੀ ਹੈ ਜਿਨਾਂ ਦੀ ਸਰਕਾਰ ਵਿੱਚ ਇਸ ਨੂੰ ਸਰਕਾਰੀ ਪੁਸ਼ਤ ਪਨਾਹੀ ਮਿਲੀ ਜਿਸ ਕਾਰਨ ਨਸ਼ੇ ਅਮਰ ਵੇਲ ਵਾਂਗ ਵਧਿਆ।
ਸ. ਰੰਧਾਵਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਦਲ ਦੇ ਹੋਰਨਾਂ ਆਗੂਆਂ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਦਾ ਲੱਕ ਤੋੜਨ ਲਈ ਵੱਡੇ ਹੰਭਲੇ ਮਾਰੇ ਜਾ ਰਹੇ ਹਨ। ਉਨਾਂ ਕਿਹਾ ਕਿ ਅਕਾਲੀਆਂ ਦੀ ਨਲਾਇਕੀ ਅਤੇ ਗੈਰ ਜ਼ਿੰਮੇਵਾਰੀ ਸਦਕਾ ਹੀ ਪੰਜਾਬ ਅੱਜ ਨਸ਼ਿਆਂ ਦੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਜਿਸ ਉਤੇ ਰਾਜਸੀ ਰੋਟੀਆਂ ਸੇਕ ਰਹੇ ਅਕਾਲੀਆਂ ਨੂੰ ਇਸ ਮੁੱਦੇ ‘ਤੇ ਬੋਲਣ ਦਾ ਕੋਈ ਨੈਤਿਕ ਹੱਕ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ – SAD ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਹੋਏ ‘ਆਪ’ ‘ਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ - SAD ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਹੋਏ ‘ਆਪ’ 'ਚ ਸ਼ਾਮਲ ਜਸਪਾਲ ਕਲਿਆਣ...