ਚੰਡੀਗੜ 14 ਜੁਲਾਈ (ਵਿਸ਼ਵ ਵਾਰਤਾ) – ਪੰਜਾਬੀ ਸਾਹਿਤ ਦੀ ਝੋਲੀ ਵਿਚ ਪੰਜਾਹ ਤੋਂ ਵੱਧ ਪੁਸਤਕਾਂ ਪਾਉਣ ਵਾਲੇ ਬਹੁ-ਵਿਧਾਵੀ ਅਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਸ਼੍ਰੌਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਵੱਲੋਂ 1974-75 ਦੌਰਾਨ ਆਪਣੀ ਇੰਗਲੈਂਡ/ਮਾਸਕੋ ਫੇਰੀ ਦੌਰਾਨ ਆਪਣੇ ਛੋਟੇ ਵੀਰ ਰਿਪੂਦਮਨ ਸਿੰਘ ਰੂਪ ਨੂੰ ਲਿਖੀਆਂ ਸਾਹਿਤਕ, ਰਾਜਨੀਤਿਕ, ਸਮਾਜਿਕ ਅਤੇ ਘਰੋਗੀ ਚਿੱਠੀਆਂ ਦਾ ਰੰਜੀਵਨ ਸਿੰਘ ਵੱਲੋਂ ਸੰਪਾਦਿਤ ਸੰਗ੍ਰਹਿ “ਜਿਵੇਂ ਰਾਮ ਨੂੰ ਲਛਮਣ ਸੀ” ਦਾ ਲੋਕ ਅਰਪਣ ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਭਲਕੇ 15 ਜੁਲਾਈ ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਕਲਾ ਪਰਿਸ਼ਦ ਦੀ ਮੀਡੀਆ,ਪਬਲੀਕੇਸ਼ਨ ਅਤੇ ਸੱਭਿਆਚਾਰਕ ਪਾਰਲੀਮੈਂਟ ਦੇ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਅਤੇ ਸਰਘੀ ਕਲਾ ਕੇਂਦਰ, ਮੁਹਾਲੀ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਉੱਘੇ ਸ਼ਾਇਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਸਮਾਗਮ ਦੀ ਪ੍ਰਧਾਨਗੀ ਕਰਨਗੇ। “ਸੰਤੋਖ ਸਿੰਘ ਧੀਰ-ਇਕ ਵਿਅਕਤਿਤਵ” ਵਿਸ਼ੇ ਉਪਰ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਸ੍ਰੀ ਸ਼ਾਮ ਸਿੰਘ ਅੰਗ-ਸੰਗ ਅਤੇ ਡਾ. ਧਨਵੰਤ ਕੌਰ, ਸਾਬਕਾ ਡੀਨ (ਭਾਸ਼ਾਵਾਂ) ਪੰਜਾਬੀ ਯੂਨੀਵਿਸਟੀ, ਪਟਿਆਲਾ ਇਸ ਮੌਕੇ ਬੁਲਾਰੇ ਹੋਣਗੇ।ਜ਼ਿਕਰਯੋਗ ਹੈ ਕਿ ਜਿਉਂਦੇ ਜੀਅ ਆਪਣੀ ਕਲਮ ਰਾਹੀਂ ਲੋਕਾਈ ਦੇ ਦੁੱਖਾਂ-ਦਰਦਾਂ ਅਤੇ ਦੁਸ਼ਵਾਰੀਆਂ ਦੀ ਬਾਤ ਪਾਉਣ ਵਾਲੇ ਸ਼੍ਰੀ ਸੰਤੋਖ ਸਿੰਘ ਧੀਰ ਦੇ 8 ਫਰਵਰੀ 2010 ਨੂੰ ਦੇਹਾਂਤ ਮਗਰੋਂ ਉਨਾਂ ਦੀ ਮ੍ਰਿਤਕ ਦੇਹ ਉਨਾਂ ਦੇ ਪ੍ਰੀਵਾਰ ਵੱਲੋਂ ਪੀ.ਜੀ.ਆਈ ਨੂੰ ਮੈਡੀਕਲ ਖੋਜ ਵਾਸਤੇ ਦਾਨ ਕੀਤੀ ਗਈ ਸੀ।