ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਬ੍ਰਹਮ ਮਹਿੰਦਰਾ ਤੇ ਰਾਣਾ ਸੋਢੀ ਸਨਮਾਨਿਤ

Advertisement


• ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਕੌਮੀ ਨਕਸ਼ੇ ‘ਤੇ ਅੱਗੇ ਲਿਆਉਣ ਲਈ ਸਰਕਾਰ ਤੇ ਐਸੋਸੀਏਸ਼ਨ ਮਿਲ ਕੇ ਕੰਮ ਕਰੇਗੀ: ਬ੍ਰਹਮ ਮਹਿੰਦਰਾ
• ਖਿਡਾਰੀਆਂ ਦੀ ਸਿਖਲਾਈ, ਨੌਕਰੀ ਅਤੇ ਨਗਦ ਰਾਸ਼ੀ ਨਾਲ ਸਨਮਾਨ ਸਬੰਧੀ ਵਿਆਪਕ ਖੇਡ ਨੀਤੀ ਜਲਦ ਲਾਗੂ ਹੋਵੇਗੀ : ਰਾਣਾ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 4 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਨਮਾਨਤ ਕੀਤਾ ਗਿਆ। ਇਥੇ ਫੇਜ਼ 9 ਸਥਿਤ ਪੰਜਾਬ ਓਲੰਪਿਕ ਭਵਨ ਵਿਖੇ ਹੋਏ ਸਨਮਾਨ ਸਮਾਰੋਹ ਦੀ ਸ਼ੁਰੂਆਤ ਵਿੱਚ ਬੋਲਦਿਆਂ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ.ਐਸ.ਸਿੱਧੂ ਨੇ ਕਿਹਾ ਕਿ ਇਹ ਪੰਜਾਬ ਓਲੰਪਿਕ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਹੈ ਕਿ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ੍ਰੀ ਬ੍ਰਹਮ ਮਹਿੰਦਰਾ ਅਤੇ ਕੌਮਾਂਤਰੀ ਨਿਸ਼ਾਨੇਬਾਜ਼ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜੋ ਕਿ ਖੇਡ ਪਰਿਵਾਰ ਲਈ ਖੁਸ਼ੀ ਦਾ ਮੌਕਾ ਹੈ। ਉਨਾ ਕਿਹਾ ਕਿ ਅਜਿਹੇ ਮੰਤਰੀਆਂ ਦੇ ਹੁੰਦੇ ਸਰਕਾਰ ਵਿੱਚ ਖਿਡਾਰੀਆਂ ਦੇ ਹਿੱਤ ਸੁਰੱਖਿਅਤ ਰਹਿਣਗੇ ਅਤੇ ਇਹ ਮੰਤਰੀ ਖੇਡਾਂ ਤੇ ਖਿਡਾਰੀਆਂ ਦੇ ਹੱਕਾਂ ਲਈ ਪੰਜਾਬ ਕੈਬਨਿਟ ਵਿੱਚ ਆਪਣੀ ਅਵਾਜ਼ ਬੁਲੰਦ ਕਰਨਗੇ।
ਇਸ ਤੋਂ ਪਹਿਲਾਂ ਬੋਲਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਆਈ ਹੈ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਹਰ ਸਰਕਾਰ ਦਾ ਸਹਿਯੋਗ ਰਿਹਾ ਹੈ ਅਤੇ ਖੇਡਾਂ ਵਿੱਚ ਕਦੇ ਵੀ ਰਾਜਨੀਤੀ ਨਹੀਂ ਆਈ। ਉਨਾ ਕਿਹਾ ਕਿ ਅੱਜ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਖੇਡ ਪਰਿਵਾਰ ਦੇ ਮੈਂਬਰ ਪੰਜਾਬ ਦੇ ਕੈਬਨਿਟ ਮੰਤਰੀਆਂ ਦਾ ਸਨਮਾਨ ਕੀਤਾ ਗਿਆ ਹੈ।
ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨਾ ਦਾ ਹੀ ਅੰਗ ਹਨ ਅਤੇ ਅੱਜ ਆਪਣੇ ਪਰਿਵਾਰ ਵਿੱਚ ਬੈਠੇ ਹਨ। ਉਨਾ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਕੌਮੀ ਨਕਸ਼ੇ ਵਿੱਚ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਤੇ ਐਸੋਸੀਏਸ਼ਨ ਮਿਲ ਕੇ ਹੰਭਲਾ ਮਾਰਨਗੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਛੇਤੀ ਹੀ ਸੂਬੇ ਵਿੱਚ ਇੱਕ ਵਿਸਥਾਰਤ ਖੇਡ ਨੀਤੀ ਲਾਗੂ ਕੀਤਾ ਜਾਵੇਗੀ ਜਿਸ ਵਿੱਚ ਅਤੀ ਆਧੁਨਿਕ ਉਪਕਰਣਾਂ ਨਾਲ ਖਿਡਾਰੀਆਂ ਦੀ ਸਿਖਲਾਈ, ਨਕਦ ਇਨਾਮ, ਨੌਕਰੀਆਂ ਅਤੇ ਖਿਡਾਰੀਆਂ ਦਾ ਏ, ਬੀ ਤੇ ਸੀ ਸ਼੍ਰੇਣੀਆਂ ਵਿੱਚ ਵਰਗੀਕਰਨ ਆਦਿ ਅਹਿਮ ਪੱਖ ਹੋਣਗੇ। ਹੋਰ ਵੇਰਵੇ ਦਿੰਦੇ ਹੋਏ ਉਨਾ ਕਿਹਾ ਕਿ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਜੋ ਕਾਫੀ ਸਮੇਂ ਤੋਂ ਨਹੀਂ ਵੰਡੇ ਗਏ, ਜਲਦ ਹੀ ਦਿੱਤੇ ਜਾਣਗੇ। ਉਨਾ ਕਿਹਾ ਕਿ ਜਿੱਥੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਨਗਦ ਰਾਸ਼ੀ ਵਿੱਚ ਵਾਧਾ ਕੀਤਾ ਜਾਵੇਗਾ ਉਥੇ ਇਨਾ ਨੂੰ ਸਾਲਾਨਾ ਫੀਚਰ ਬਣਾਇਆ ਜਾਵੇਗਾ। ਉਨਾ ਕਿਹਾ ਕਿ ਕੋਚਾਂ ਲਈ ਵੀ ਐਵਾਰਡ ਸ਼ੁਰੂ ਕੀਤੇ ਜਾਣਗੇ ਤਾਂ ਜੋ ਸੂਬਾ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਕੋਚਾਂ ਦੀ ਵੀ ਹੌਸਲਾ ਅਫ਼ਜਾਈ ਕੀਤੀ ਜਾ ਸਕੇ।
Êਪੰਜਾਬ ਦੀ ਖੇਡ ਐਸੋਸੀਏਸ਼ਨਾਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਮੁੱਦੇ ‘ਤੇ ਖੇਡ ਮੰਤਰੀ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਅਹਿਮ ਮੁੱਦਾ ਹੈ ਜੋ ਧਿਆਨ ਨਾਲ ਸਾਰੇ ਪੱਖਾਂ ਤੋਂ ਵਾਚੇ ਜਾਣ ਦੀ ਮੰਗ ਕਰਦਾ ਹੈ। ਉਨਾ ਅੱਗੇ ਕਿਹਾ ਕਿ ਛੇਤੀ ਹੀ ਇਸ ਮਹੱਤਵਪੂਰਨ ਮੁੱਦੇ ‘ਤੇ ਉਹ ਸਾਰੀਆਂ ਖੇਡ ਐਸੋਸੀਏਸ਼ਨਾਂ ਨਾਲ ਮੀਟਿੰਗ ਕਰਨਗੇ। ਉਨਾ ਅੱਗੇ ਕਿਹਾ ਕਿ ਸੂਬੇ ਦੀਆਂ ਜਿਨਾ ਖੇਡ ਐਸੋਸੀਏਸ਼ਨਾਂ ਨੇ ਅਜੇ ਤੱਕ ਆਪਣੀਆਂ ਜਥੇਬੰਦਕ ਚੋਣਾਂ ਨਹੀਂ ਕਰਵਾਈਆਂ ਉਹ ਜਲਦ ਹੀ ਇਸ ਸਬੰਧੀ ਕਦਮ ਪੁੱਟਣ ਕਿਉਂਜੋ ਉਨਾ ਐਸੋਸੀਏਸ਼ਨਾਂ ਨੂੰ ਹੀ ਫੰਡ ਮੁਹੱਈਆ ਕਰਵਾਏ ਜਾਣਗੇ ਜਿਨਾ ਕੋਲ ਆਪਣਾ ਬਕਾਇਦਾ ਸਥਾਪਤ ਜਥੇਬੰਦਕ ਢਾਂਚਾ ਹੋਵੇਗਾ ਅਤੇ ਨਿਰੰਤਰ ਚੋਣ ਕਰਵਾਈ ਜਾਵੇਗੀ।
ਇੱਕ ਹੋਰ ਅਹਿਮ ਮੁੱਦਾ ਛੋਂਹਦੇ ਹੋਏ ਰਾਣਾ ਸੋਢੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਨਿਰੰਤਰ ਕੋਸ਼ਿਸ਼ ਹੈ ਕਿ ਖਿਡਾਰੀਆਂ ਨੂੰ ਹਰ ਤਰਾ ਦੀ ਸਹੂਲਤ ਦਿੱਤੀ ਜਾਵੇ ਭਾਵੇਂ ਇਹ ਉਨਾ ਦੀ ਸਿਖਲਾਈ ਨਾਲ ਸਬੰਧਤ ਹੋਵੇ ਜਾਂ ਉਨਾ ਨੂੰ ਪੌਸ਼ਟਿਕ ਖੁਰਾਕ ਮੁਹੱਈਆਂ ਕਰਵਾਉਣ ਨਾਲ। ਉਨਾ ਇਹ ਦ੍ਰਿੜਾਇਆ ਕਿ ਪੰਜਾਬ ਸਰਕਾਰ ਸੂਬੇ ਦਾ ਨਾਂ ਕੌਮੀ ਅਤੇ ਕੌਮਾਂਤਰੀ ਖੇਡ ਅਸਮਾਨ ‘ਤੇ ਗੁੰਜਾਇਮਾਨ ਕਰਨ ਲਈ ਪੂਰਨ ਤੌਰ ‘ਤੇ ਵਚਨਬੱਧ ਹੈ। ਇਸ ਦੇ ਨਾਲ ਹੀ ਰਾਣਾ ਸੋਢੀ ਨੇ ਕਿਹਾ ਕਿ ਖੇਡਾਂ ਵਿੱਚ ਹੇਠਲੇ ਪੱਧਰ ‘ਤੇ ਛੋਟੇ ਬੱਚਿਆਂ ਨੂੰ ਤਵੱਜੋਂ ਦਿੰਦੇ ਹੋਏ ਖੇਡ ਤੇ ਸਿੱਖਿਆ ਵਿਭਾਗ ਮਿਲ ਕੇ ਕੰਮ ਕਰਨਗੇ ਅਤੇ ਸਕੂਲੀ ਖੇਡਾਂ ਨੂੰ ਉਪਰ ਧਿਆਨ ਕੇਂਦਰਿਤ ਕਰ ਕੇ ਪਨੀਰੀ ਤਿਆਰ ਕੀਤੀ ਜਾਵੇਗੀ।
ਇਸ ਮ ੌਕੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜਦੀਪ ਸਿੰਘ ਗਿੱਲ ਨੇ ਖੇਡ ਮੰਤਰੀ ਕੋਲ ਮੰਗ ਰੱਖੀ ਕਿ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪ੍ਰਾਪਤੀ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਖਿਡਾਰੀਆਂ ਦੀ ਪੁਜੀਸ਼ਨ ਅਨੁਸਾਰ ਗਰੁੱਪ ਏ, ਬੀ ਤੇ ਸੀ ਵਿੱਚ ਨੌਕਰੀਆਂ ਯਕੀਨੀ ਬਣਾਈਆਂ ਜਾਣ। ਉਨਾ ਕਿਹਾ ਕਿ ਪੁਲਿਸ ਤੋਂ ਬਿਨਾਂ ਹੋਰ ਵਿਭਾਗਾਂ ਅਤੇ ਬੋਰਡ/ਕਾਰਪੋਰੇਸ਼ਨ ਲਈ ਵੀ ਖਿਡਾਰੀਆਂ ਨੂੰ ਭਰਤੀ ਕੀਤਾ ਜਾਵੇ ਜਿਸ ‘ਤੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਖੇਡ ਨੀਤੀ ਬਣਾਉਂਦੇ ਸਮੇਂ ਇਨਾ ਗੱਲਾਂ ਨੂੰ ਧਿਆਨ ਵਿੱਚ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ ਦਾ ਵੀ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਸ਼ਾਮਲ ਸਨ ਜਿਨਾ ਵਿੱਚ ਸ੍ਰੀ ਪੀ.ਐਸ.ਕੁਮੇਦਾਨ, ਸ. ਸਿਕੰਦਰ ਸਿੰਘ ਮਲੂਕਾ, ਸ੍ਰੀ ਤੇਜਾ ਸਿੰਘ ਧਾਲੀਵਾਲ, ਸ੍ਰੀ ਐਨ.ਐਸ.ਕੰਗ, ਸ੍ਰੀ ਰਾਜਨ ਗੁਪਤਾ, ਸ੍ਰੀ ਜੈਪਾਲ ਸਿੰਘ, ਸ੍ਰੀ ਟੀ.ਪੀ.ਐਸ.ਸਿੱਧੂ, ਸ੍ਰੀ ਜਗਦੀਸ਼ ਮਿੱਤਲ, ਸ੍ਰੀ ਰਾਜਿੰਦਰ ਪਾਲ ਸਿੰਘ ਕਲਸੀ ਤੇ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਵੀ ਹਾਜ਼ਰ ਸਨ।