ਸੂਚਨਾ ਤਕਨਾਲੋਜੀ ਰਾਹੀਂ ਉਸਾਰੂ ਤਬਦੀਲੀਆਂ ਦੇ ਰਾਹ ਪਿਆ ਸਿੱਖਿਆ ਵਿਭਾਗ 

Advertisement


• ਈ-ਪੰਜਾਬ ਸਕੂਲ, ਈ ਆਫਿਸ ਤੇ ਹੋਰ ਮੋਬਾਈਲ ਐਪਲੀਕੇਸ਼ਨਜ਼ ਸ਼ੁਰੂ
ਚੰਡੀਗੜ, 4 ਜੁਲਾਈ (ਵਿਸ਼ਵ ਵਾਰਤਾ)-  ਪੰਜਾਬ ਸਰਕਾਰ ਨੇ ਸਕੂਲੀ ਸਿੱਖਿਆ ਢਾਂਚੇ ਦੀ ਨੁਹਾਰ ਬਦਲਣ ਅਤੇ ਸਿੱਖਿਆ ਦਾ ਪੱਧਰ ਸਮੇਂ ਦੇ ਹਾਣ ਦਾ ਬਣਾਉਣ ਲਈ ਹੁਣ ਸੂਚਨਾ ਤਕਨਾਲੋਜੀ ਦਾ ਸਹਾਰਾ ਲਿਆ ਹੈ। ਇਸ ਤਹਿਤ ਸਕੂਲੀ ਸਿੱਖਿਆ ਢਾਂਚੇ ਵਿੱਚ ਈ-ਗਵਰਨੈਂਸ ਅਧੀਨ ਆਉਂਦੀਆਂ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ।  ਆਨ-ਲਾਈਨ ਸਕੂਲ ਮੈਨੇਜਮੈਂਟ ਤਹਿਤ ਈ-ਪੰਜਾਬ ਸਕੂਲ, ਈ-ਆਫਿਸ, ਗ੍ਰੀਵੈਂਸਿਜ਼ ਰੀਡ੍ਰੈਸਲ ਸਿਸਟਮ (ਸ਼ਿਕਾਇਤ ਨਿਵਾਰਣ ਪ੍ਰਣਾਲੀ), ਬਾਇਓਮੀਟ੍ਰਿਕ ਹਾਜ਼ਰੀ ਪ੍ਰਣਾਲੀ, ਵਿਦਿਆਰਥੀਆਂ ਦਾ ਆਧਾਰ ਕਾਰਡ ਮੁਹੱਈਆ ਕਰਨਾ, ਸਕੂਲਾਂ ਦੀ ਜੀਆਈਐਸ ਮੈਪਿੰਗ, ਵੱਖ ਵੱਖ ਵੈੱਬਸਾਈਟਾਂ ਨੂੰ ਏਕੀਕ੍ਰਿਤ ਕਰਨਾ, ਮੋਬਾਈਲ ਐਪਲੀਕੇਸ਼ਨਜ਼ ਅਤੇ ਵੱਖ ਵੱਖ ਸਾਫ਼ਟਵੇਅਰ ਤਿਆਰ ਕਰਵਾਏ ਜਾ ਰਹੇ ਹਨ।
ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪ੍ਰਣਾਲੀ ‘ਈ-ਪੰਜਾਬ ਸਕੂਲ’ ਲਾਗੂ ਕੀਤੀ ਗਈ ਹੈ, ਜਿਸ ਤਹਿਤ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਆਨਲਾਈਨ ਮੁਹੱਈਆ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਾਕਾਇਦਾ ਸਕੂਲਾਂ ਵੱਲੋਂ ਨਵਿਆਇਆ ਜਾਂਦਾ ਹੈ। ਡਾਇਰੇ/ਡਾਕ ਅਤੇ ਫਾਈਲਾਂ ਦੀਆਂ ਗਤੀਵਿਧੀਆਂ ਉਤੇ ਨਜ਼ਰ ਰੱਖਣ ਲਈ ਈ-ਆਫਿਸ ਨਾਂ ਦਾ ਆਨਲਾਈਨ ਪ੍ਰਣਾਲੀ ਅਪਣਾਈ ਗਈ ਹੈ, ਜਿਸ ਅਧੀਨ ਸਾਰੇ ਮੁੱਖ ਦਫ਼ਤਰਾਂ ਤੇ ਸਾਰੇ ਫੀਲਡ ਦਫ਼ਤਰਾਂ ਨੂੰ ਲਿਆ ਗਿਆ ਹੈ।
ਇਸ ਤੋਂ ਇਲਾਵਾ ਆਨਲਾਈਨ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਪਣਾਈ ਅਤੇ ਇਸ ਨੂੰ ਵਿਭਾਗੀ ਵੈੱਬਸਾਈਟ ਨਾਲ ਜੋੜਿਆ ਗਿਆ ਹੈ। ਹਰੇਕ ਸਟਾਫ਼ ਮੈਂਬਰ ਆਪਣੀ ਸ਼ਿਕਾਇਤ ਆਨਲਾਈਨ ਕਰ ਸਕਦਾ ਹੈ, ਜਿਹੜੀ ਅਗਲੀ ਕਾਰਵਾਈ ਲਈ ਆਪਣੇ ਆਪ ਸਬੰਧਤ ਬਰਾਂਚ ਨੂੰ ਚਲੀ ਜਾਂਦੀ ਹੈ। ਸਕੂਲਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਮੋਬਾਈਲ ਆਧਾਰਤ ਬਾਇਓਮੀਟ੍ਰਿਕ ਹਾਜ਼ਰੀ ਪ੍ਰਣਾਲੀ ਵਿਕਸਤ ਕੀਤੀ ਗਈ ਹੈ। ਸਰਕਾਰੀ ਸਕੂਲਾਂ ਦੇ 99 ਫੀਸਦੀ ਵਿਦਿਆਰਥੀਆਂ ਦੇ ਆਧਾਰ ਕਾਰਡ ਨੰਬਰ ਬਣਵਾਏ ਗਏ ਹਨ ਅਤੇ ਇਨਾ ਨੂੰ ਵੱਖ ਵੱਖ ਵਜ਼ੀਫ਼ਿਆਂ ਤੇ ਹੋਰ ਰਿਆਇਤੀ ਸਕੀਮਾਂ ਨਾਲ ਜੋੜਿਆ ਗਿਆ ਹੈ।
ਸ੍ਰੀ ਸੋਨੀ ਨੇ ਅੱਗੇ ਦੱਸਿਆ ਕਿ ਸਕੂਲੀ ਜਾਇਦਾਦਾਂ ਦਾ ਸਹੀ ਰਿਕਾਰਡ ਤਿਆਰ ਕਰਨ ਦੇ ਮਕਸਦ ਨਾਲ ਸਾਰੇ ਸਰਕਾਰੀ ਸਕੂਲਾਂ ਦੀ ਜੀਆਈਐਸ ਮੈਪਿੰਗ ਕਰਵਾਈ ਗਈ ਹੈ। ਇਸ ਨਾਲ ਇਕ ਸਕੂਲ ਤੋਂ ਦੂਜੇ ਵਿਚਾਲੇ ਦੂਰੀ ਦਾ ਪਤਾ ਆਨਲਾਈਨ ਲੱਗ ਜਾਂਦਾ ਹੈ। ਸਕੂਲ ਸਿੱਖਿਆ ਵਿਭਾਗ ਨੇ ਕਈ ਮੋਬਾਈਲ ਐਪਲੀਕੇਸ਼ਨਾਂ ਵੀ ਤਿਆਰ ਕਰਵਾਈਆਂ ਹਨ, ਜਿਨਾ ਵਿੱਚ ਸਕੂਲ ਲਾਗਇਨ, ਸਟਾਫ਼ ਲਾਗਇਨ, ਮਾਈ ਆਫਿਸ ਤੇ ਮਿਡ-ਡੇਅ ਮੀਲ ਸਕੀਮ ਦੀ ਨਿਗਰਾਨੀ ਲਈ ਐਮ.ਡੀ.ਐਮ. ਮੌਨੀਟਰਿੰਗ ਸਿਸਟਮ ਸ਼ੁਰੂ ਕੀਤਾ ਗਿਆ ਹੈ।