ਬਾਦਲ ਨੇ ਸਾਉਣੀ ਦੀਆਂ 14 ਫਸਲਾਂ ਦੇ ਸਮਰਥਨ ਮੁੱਲ ’ਚ ਕੀਤੇ ਬੇਮਿਸਾਲ ਵਾਧੇ ਨੂੰ ਸਰਾਹਿਆ

Advertisement


– ਫੈਸਲੇ ਨੂੰ ਡਾਕਟਰ ਸਵਾਮੀਨਾਥਨ ਫਾਰਮੂਲੇ ਦੇ ਅਨੁਸਾਰ ਦੱਸਿਆ
– ਸ਼੍ਰੋਮਣੀ ਅਕਾਲੀ ਦਲ ਦੀਆਂ ਬੇਨਤੀਆਂ ਸਵੀਕਾਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਕੀਤਾ
– ਜੋਧਪੁਰ ਦੇ ਬੇਗੁਨਾਹ ਨਜ਼ਰਬੰਦਾਂ ਨੂੰ ਮੁਆਵਜ਼ਾ ਦੇਣ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ
ਚੰਡੀਗੜ 04 ਜੁਲਾਈ (ਵਿਸ਼ਵ ਵਾਰਤਾ) : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਐਨਡੀਏ ਸਰਕਾਰ ਦੇ ਕਿਸਾਨਾਂ ਨੂੰ ਮਜ਼ਦੂਰੀ ਸਮੇਤ ਸਮੁੱਚੀ ਖੇਤੀ ਲਾਗਤ ਉੱਤੇ 50 ਫੀਸਦੀ ਤੋਂ ਵੱਧ ਮੁਨਾਫਾ ਦੇਣ ਲਈ ਅਨਾਜ, ਦਾਲਾਂ, ਤੇਲ ਦੇ ਬੀਜਾਂ ਅਤੇ ਕਪਾਹ ਦੀਆਂ ਫਸਲਾਂ ਦੇ ਘੱਟੋ ਘਟ ਸਮਰਥਨ ਮੁੱਲ ਵਿਚ ਭਾਰੀ ਵਾਧਾ ਕਰਨ ਵਾਲੇ ਫੈਸਲੇ ਦੀ ਸਰਾਹਨਾ ਕੀਤੀ ਹੈ। ਉਹਨਾਂ ਨੇ ਕਿਸਾਨਾਂ ਨੂੰ ਖੇਤੀ ਲਾਗਤ ਉੱਤੇ 50 ਫੀਸਦੀ ਮੁਨਾਫਾ ਦੇਣ ਸੰਬੰਧੀ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਵਾਸਤੇ ਪੰਜਾਬ ਦੇ ਕਿਸਾਨਾਂ ਦੀ ਤਰਫੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਨਿੱਜੀ ਤੌਰ ਤੇ ਵੀ ਵਧਾਈਆਂ ਦਿੱਤੀਆਂ।
ਸਰਦਾਰ ਬਾਦਲ ਨੇ ਕੇਂਦਰ ਸਰਕਾਰ ਦੇ ਉਹਨਾਂ ਬੇਗੁਨਾਹ ਜੋਧਪੁਰ ਨਜ਼ਰਬੰਦਾਂ ਨੂੰ 2ਥ10 ਕਰੋੜ ਰੁਪਏ ਦੀ ਰਾਹਤ ਦੇਣ ਦੇ ਫੈਸਲੇ ਦੀ ਵੀ ਸਰਾਹਨਾ ਕੀਤੀ, ਜਿਹਨਾਂ ਨੂੰ ਜੂਨ 1984 ਵਿਚ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਫੌਜੀ ਹਮਲੇ ਸਮੇਂ ਬਿਨਾਂ ਕਸੂਰ ਤੋਂ ਅੱਤਿਆਚਾਰ ਸਹਿਣੇ ਪਏ ਸਨ।
ਅੱਜ ਦੁਪਹਿਰ ਵੇਲੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਭਿੰਨ ਫਸਲਾਂ ਦੇ ਸਮਰਥਨ ਮੁੱਲ ਵਿਚ ਬੇਮਿਸਾਲ ਵਾਧਾ ਕਰਨ ਦਾ ਕੀਤਾ ਦਲੇਰਾਨਾ ਉਪਰਾਲਾ ਐਨਡੀਏ ਸਰਕਾਰ ਦੀ ਕਿਸਾਨਾਂ ਦੀ ਇਸ ਸੰਕਟ ਦੀ ਘੜੀ ਵਿਚ ਮੱਦਦ ਲਈ ਵਚਨਬੱਧਤਾ ਦੀ ਹਾਮੀ ਭਰਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਇਹ ਵਾਧਾ ਕਿਸਾਨਾਂ ਨੂੰ ਖੇਤੀ ਲਾਗਤ ਉੱਤੇ 50 ਫੀਸਦੀ ਮੁਨਾਫਾ ਦੇਣ ਦੇ ਸਵਾਮੀਨਾਥਨ ਫਾਰਮੂਲੇ ਦੀਆਂ ਸਿਫਾਰਿਸ਼ਾਂ ਸਿਧਾਂਤਕ ਤੌਰ ਤੇ ਲਾਗੂ ਕਰਨ ਦੇ ਤੁੱਲ ਹੈ, ਉੱਥੇ ਇਹ 60ਵਿਆਂ ਅਤੇ 70ਵਿਆਂ ਵਿਚ ਦੇਸ਼ ਦੀ ਭੋਜਨ ਦੀ ਕਮੀ ਪੂਰੀ ਕਰਨ ਦੀ ਲੜਾਈ ਵਿਚ ਮੱਦਦ ਕਰਦਿਆਂ ਖੇਤੀ ਸੰਕਟ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਇਸ ਸੰਕਟ ਵਿਚੋਂ ਬਾਹਰ ਕੱਢਣ ਵਿਚ ਵੀ ਮੱਦਦ ਕਰੇਗਾ। ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੇਸ਼ ਇਸ ਗੱਲ ਨੂੰ ਭੁੱਲਿਆ ਨਹੀਂ ਹੈ ਕਿ ਕਿਸ ਤਰਾ ਕਿਸਾਨਾਂ ਨੇ ਭੋਜਨ ਦੀ ਕਮੀ ਅਤੇ ਭੁੱਖਮਰੀ ਨਾਲ ਜੂਝ ਰਹੇ ਮੁਲਕ ਵਿਚ ਵਾਧੂ ਅਨਾਜ ਪੈਦਾ ਕਰਕੇ ਇਸ ਨੂੰ ਆਰਥਿਕ ਤੋਰ ਤੇ ਆਤਮਨਿਰਭਰ ਬਣਾਇਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਅੱਜ ਭਾਰਤ ਨੂੰ ਇੱਕ ਆਰਥਿਕ ਸੁਪਰ ਪਾਵਰ ਬਣਾਉਣ ਵਿਚ ਕਿਸਾਨ ਇਸ ਦੀ ਭਾਰਤ ਦੀ ਰੀੜ ਦੀ ਹੱਡੀ ਬਣੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਇਸ ਦੱਸ ਕੇ ਚੰਗਾ ਕੀਤਾ ਹੈ ਕਿ ਦੇਸ਼ ਕਿਸਾਨਾਂ ਵੱਲੋਂ ਉਸ ਸਮੇਂ ਰਾਸ਼ਟਰ ਨਿਰਮਾਣ ਵਿਚ ਪਾਏ ਦਲੇਰਾਨਾ ਅਤੇ ਨਿਰਸੁਆਰਥ ਯੋਗਦਾਨ ਨੂੰ ਨਹੀਂ ਭੁੱਲਿਆ ਹੈ, ਜਦੋਂ ਮੁਲਕ ਨੂੰ ਇਸ ਦੀ ਸਭ ਤੋਂ ਵੱਧ ਜਰੂਰਤ ਸੀ।
ਇਸ ਮੁੱਦੇ ਉੱਤੇ ਅਕਾਲੀ ਦਲ ਦੀਆਂ ਬੇਨਤੀਆਂ ਨੂੰ ਸੁਣਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਸ਼ਾਹ ਨੇ ਪਿਛਲੇ ਮਹੀਨੇ ਚੰਡੀਗੜ ਵਿਚ ਅਕਾਲੀ ਆਗੂਆਂ ਨਾਲ ਕੀਤੀ ਮੁਲਾਕਾਤ ਦੌਰਾਨ ਨਿੱਜੀ ਤੌਰ ਤੇ ਇਸ ਸੰਬੰਧ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਸੀ। ਸ. ਬਾਦਲ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਦੀ ਦੁਰਦਸ਼ਾ ਬਾਰੇ ਭਾਜਪਾ ਪ੍ਰਧਾਨ ਨੂੰ ਵਿਸਥਾਰ ਵਿਚ ਜਾਣੂ ਕਰਵਾਇਆ ਸੀ ਕਿ ਕਿਸ ਤਰਾ ਉਹ ਖੁਦਕੁਸ਼ੀ ਦੇ ਰਾਹ ਪੈ ਚੁੱਕੇ ਹਨ। ਸਿਰਫ ਇਸ ਸਾਲ ਦੌਰਾਨ ਹੀ 500 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।
ਸਰਦਾਰ ਬਾਦਲ ਨੇ ਉਮੀਦ ਜਤਾਈ ਹੈ ਕਿ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਲਈ ਕੀਤੇ ਇਸ ਵੱਡੇ ਉਪਰਾਲੇ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਜਰੂਰ ਸਮਾਂ ਕੱਢਣਗੇ।
ਇੱਥੇ ਦੱਸਣਯੋਗ ਹੈ ਕਿ ਅਕਾਲੀ ਆਗੂਆਂ ਨੇ ਕਿਸਾਨਾਂ ਨੂੰ ਦਰਪੇਸ਼ ਸੰਕਟ ਦੇ ਹੱਲ ਵਾਸਤੇ ਫਸਲਾਂ ਦੇ ਸਮਰਥਨ ਮੁੱਲ ਵਿਚ ਵਾਧਾ ਕਰਨ ਦਾ ਮੁੱਦਾ ਪਿਛਲੇ ਮਹੀਨੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੀ ਚੰਡੀਗੜ ਫੇਰੀ ਦੌਰਾਨ ਉਠਾਇਆ ਸੀ। ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਡੂੰਘੀ ਚਰਚਾ ਹੋਈ ਸੀ ਅਤੇ ਸ੍ਰੀ ਅਮਿਤ ਸ਼ਾਹ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਕਿਸ ਤਰਾ ਪੰਜਾਬ ਦੇ ਕਿਸਾਨ ਕਾਂਗਰਸ ਸਰਕਾਰ ਵੱਲੋਂ 90ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਵਾਅਦਾ ਨਾ ਪੂਰਾ ਕਰਨ ਕਰਕੇ ਤਕਲੀਫ਼ਾਂ ਭੋਗ ਰਹੇ ਹਨ। ਇਸ ਤੋਂ ਇਲਾਵਾ ਜਦੋਂ ਗੁਰਦੁਆਰਿਆਂ, ਦੂਜੇ ਧਾਰਮਿਕ ਅਤੇ ਚੈਰੀਟੇਬਲ ਅਸਥਾਨਾਂ ਵਿਚ ਲੰਗਰ ਉੱਤੇ ਜੀਐਸਟੀ ਛੋਟ ਦਿੱਤੇ ਜਾਣ ਮਗਰੋਂ ਅਕਾਲੀ ਦਲ ਦਾ ਵਫ਼ਦ ਧੰਨਵਾਦ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਮਿਲਿਆ ਸੀ ਤਾਂ ਉਸ ਸਮੇਂ ਵੀ ਉਹਨਾਂ ਨਾਲ ਕਿਸਾਨੀ ਸੰਕਟ ਉੱਤੇ ਚਰਚਾ ਕੀਤੀ ਸੀ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵੱਲੋਂ ਵੀ ਇਹ ਮੁੱਦਾ ਉੱਚ ਪੱਧਰ ਤੇ ਉਠਾਇਆ ਗਿਆ ਸੀ।