ਰਾਜਨੀਤਕ ਪਾਰਟੀਆਂ ਅਤੇ ਸ਼ਾਸਨ ਪ੍ਰਸ਼ਾਸ਼ਨ ਵਿੱਚ ਬੈਠੇ ਵਿਆਕਤੀਆਂ ਖਿਲਾਫ਼ ਹੋਵੇ ਸਖਤ ਕਾਰਵਾਈ – ਕੈਂਥ
ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ)- ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਗ੍ਰਿਫਤ ਵਿੱਚ ਬੜੀ ਬੁਰੀ ਤਰ੍ਹਾ ਫੱਸ ਚੁੱਕੀ ਹੈ, ਸਰਕਾਰਾਂ ਆਪਣੀ ਜੁਮੇਵਾਰੀ ਨੂੰ ਨਿਭਾਉਣ ਵਿੱਚ ਅਸਫਲ ਸਾਬਿਤ ਹੋ ਗਈਆਂ ਹਨ। ਰਵਾਇਤੀ ਰਾਜਨੀਤਕ ਪਾਰਟੀਆਂ ਨੂੰ ਸਿਆਸਤ ਤੋਂ ਉਪਰ ਉਠਕੇ ਬਰਬਾਦ ਹੋ ਰਹੀ ਨੌਜਵਾਨੀ ਨੂੰ ਬਚਾਉਣ ਵਾਸਤੇ ਪਹਿਲਕਦਮੀ ਕਰਨੀ ਚਾਹੀਦੀ ਹੈ ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੀਤਾ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਨਸ਼ਾ ਕਰਨ ਹੋ ਰਹੀਆਂ ਮੌਤਾਂ ਦੀ ਉੱਚ ਪੱਧਰੀ ਮੈਡੀਕਲ ਜਾਂਚ ਕਰਵਾਕੇ ਸਾਰਥਿਕ ਹੱਲ ਕੱਢਣ ਲਈ ਸਰਬ-ਪਾਰਟੀ ਮੀਟਿੰਗ ਬੁਲਾਈ ਜਾਵੇ।
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨਸ਼ਿਆਂ ਦੀ ਰੋਕਥਾਮ ਕਰਨ ਵਿੱਚ ਫੇਲ੍ਹ ਸਾਬਿਤ ਹੋ ਗਈ ਹੈ, ਪੰਜਾਬ ਵਿੱਚ ਤੰਦਰੁਸਤ ਪੰਜਾਬ ਦਾ ਨਾਹਰਾ ਠੁੱਸ ਹੋ ਕੇ ਰਹਿ ਗਿਆ ਹੈ।
ਸ੍ਰ ਕੈਂਥ ਅੱਗੇ ਕਿਹਾ ਕਿ ਸਮਾਜ ਵਿੱਚ ਫੈਲੇ ਇਸ ਭਿਆਨਕ ਨਸ਼ਿਆਂ ਕਾਰਨ ਅਮੀਰ ਗਰੀਬ ਪਰਿਵਾਰਾਂ ਦੇ ਬੱਚਿਆਂ ਦੀਆਂ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਰਾਜਨੀਤਕ ਪਾਰਟੀਆਂ ਅਤੇ ਸ਼ਾਸਨ ਪ੍ਰਸ਼ਾਸ਼ਨ ਵਿੱਚ ਬੈਠੇ ਵਿਆਕਤੀਆਂ ਖਿਲਾਫ਼ ਯੋਜਨਾਬੱਧ ਤਰੀਕੇ ਨਾਲ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸ੍ਰ ਕੈਂਥ ਨੇ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ, ਸ੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ,ਆਮ ਆਦਮੀ ਪਾਰਟੀ ਅਤੇ ਹੋਰਨਾਂ ਸਮਾਜਿਕ ਜੱਥੇਬੰਦੀਆਂ ਨੂੰ ਸਾਝੇ ਤੌਰ ਤੇ ਨਸ਼ਿਆਂ ਦੇ ਖਿਲਾਫ਼ ਲਗਾਤਾਰ ਪਿੰਡ ਸ਼ਹਿਰਾਂ ਵਿੱਚ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਨੂੰ ਤੰਦਰੁਸਤ ਬਣਾਉਣ ਲਈ ਉਪਰਾਲਾ ਸਾਰਥਿਕ ਕੀਤਾ ਜਾ ਸਕੇ। ਨਿੰਦਿਆ ਕਰਨ ਵੱਲ ਹੀ ਨਹੀਂ ਨੌਜਵਾਨਾਂ ਨੂੰ ਬਚਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਮੈਡੀਕਲ ਖੇਤਰ ਦੇ ਖੋਜ ਸ਼ਾਸਤਰੀਆਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਸੰਸਥਾਵਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ।