ਚੰਡੀਗੜ, 28 ਜੂਨ (ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਸੁਰਿੰਦਰ ਸਿੰਗਲਾ ਦਾ ਅੱਜ ਦਿੱਲੀ ਵਿਖੇ ਦੇਹਾਂਤ ਹੋ ਗਿਆ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਆਗੂਆਂ ਵਲੋਂ ਉਹਨਾਂ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਸਪੀਕਰ ਰਾਣਾ ਕੇ.ਪੀ. ਸਿੰਘ ਦੁੱਖ ਦਾ ਪ੍ਰਗਟਾਵਾ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਸੁਰਿੰਦਰ ਸਿੰਗਲਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਾਬਕਾ ਰਾਜ ਸਭਾ ਮੈਂਬਰ ਸ੍ਰੀ ਸਿੰਗਲਾ ਦੇ ਪਰਿਵਾਰ ‘ਚ ਪਿੱਛੇ ਪਤਨੀ, ਪੁੱਤਰ ਅਤੇ ਧੀ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ, ਸਪੀਕਰ ਨੇ ਕਿਹਾ ਕਿ ਸ੍ਰੀ ਸਿੰਗਲਾ ਇੱਕ ਅਨੁਭਵੀ ਸਿਆਸਤਦਾਨ ਸਨ, ਜਿਨਾਂ ਨੇ ਆਮ ਲੋਕਾਂ ਖਾਸ ਤੌਰ ‘ਤੇ ਗਰੀਬ ਤੇ ਪਛੜੇ ਵਰਗਾਂ ਦੀ ਭਲਾਈ ਲਈ ਅਣਥੱਕ ਕਾਰਜ ਕੀਤੇ।
ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀਂ ਹਮਦਰਦੀ ਜਤਾਉਂਦਿਆਂ ਉਨਾਂ ਨੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।
ਬ੍ਰਹਮ ਮਹਿੰਦਰਾ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ, 28 ਜੂਨ (ਵਿਸ਼ਵ ਵਾਰਤਾ) : ਸਿਹਤ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ, ਪੰਜਾਬ ਸ੍ਰੀ ਸੁਰਿੰਦਰ ਸਿੰਗਲਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸ਼ੋਕ ਸੰਦੇਸ਼ ਵਿੱਚ ਸ੍ਰੀ ਮਹਿੰਦਰਾ ਨੇ ਕਿਹਾ ਕਿ ਆਪਣੇ ਸਾਬਕਾ ਸਹਿਯੋਗੀ ਦੀ ਅਚਾਨਕ ਮੌਤ ਬਾਰੇ ਜਾਣ ਕੇ ਉਨਾ ਨੂੰ ਬੜਾ ਦੁੱਖ ਲੱਗਾ ਹੈ, ਜਿਨਾਂ ਨੇ ਸੂਬੇ ਵਿੱਚ ਕਾਂਗਰਸ ਪਾਰਟੀ ਦੇ ਉਭਾਰ ਲਈ ਅਣਥੱਕ ਕਾਰਜ ਕੀਤਾ। ਉਨਾ ਕਿਹਾ ਕਿ ਸ੍ਰੀ ਸਿੰਗਲਾ ਉਮਰ ਭਰ ਗਰੀਬ ਵਰਗ ਅਤੇ ਆਮ ਲੋਕਾਂ ਦੇ ਹਿੱਤਾਂ ਤੇ ਭਲਾਈ ਲਈ ਯਤਨਸ਼ੀਲ ਰਹੇ। ਉਨਾ ਬਠਿੰਡਾ ਹਲਕੇ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਇਆ। ਸ੍ਰੀ ਬ੍ਰਹਮ ਮਹਿੰਦਰਾ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਸ੍ਰੀ ਸਿੰਗਲਾ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਧੀ ਛੱਡ ਗਏ ਹਨ।
ਰਾਣਾ ਸੋਢੀ ਵੱਲੋਂ ਸੁਰਿੰਦਰ ਸਿੰਗਲਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਣਾ ਸੋਢੀ ਨੇ ਕਿਹਾ ਕਿ ਜਿੱਥੇ ਸੂਬੇ ਅਤੇ ਕਾਂਗਰਸੀ ਪਾਰਟੀ ਨੇ ਅਣਮੋਲ ਹੀਰਾ ਗੁਆ ਲਿਆ ਹੈ ਉਥੇ ਸ੍ਰੀ ਸਿੰਗਲਾ ਦੇ ਤੁਰ ਜਾਣ ਨਾਲ ਉਨ•ਾਂ ਨੂੰ ਨਿੱਜੀ ਘਾਟਾ ਪਿਆ ਹੈ ਕਿਉਂਕਿ ਉਹ ਉਨਾ ਦੇ ਗੂੜੇ ਮਿੱਤਰ ਸਨ।
ਖੇਡ ਮੰਤਰੀ ਨੇ ਸ੍ਰੀ ਸਿੰਗਲਾ ਵੱਲੋਂ ਪਿਛਲੀ ਕਾਂਗਰਸ ਦੌਰਾਨ ਬਤੌਰ ਵਿੱਤ ਮੰਤਰੀ ਕੀਤੇ ਵਿਕਾਸ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਹੁਤ ਕੁਸ਼ਲ ਮੰਤਰੀ ਅਤੇ ਲੋਕਾਂ ਦੇ ਚੁਣੇ ਹੋਏ ਨੇਤਾ ਸਨ। ਉਨਾਂ ਕਿਹਾ ਕਿ ਸ੍ਰੀ ਸਿੰਗਲਾ ਵੱਲੋਂ ਆਰਥਿਕ ਖੇਤਰ ਵਿੱਚ ਵਿਸ਼ੇਸ਼ ਪੁਲਾਂਘਾ ਪੁੱਟੀਆਂ ਗਈਆਂ ਅਤੇ ਸੂਬੇ ਦੇ ਲੋਕਾਂ ਸਦਾ ਉਨਾਂ ਨੂੰ ਕਾਮਯਾਬ ਵਿੱਤ ਮੰਤਰੀ ਵਜੋਂ ਦੇਖਦੇ ਹਨ। ਉਨਾ ਕਿਹਾ ਕਿ ਖਾਸ ਕਰ ਕੇ ਬਠਿੰਡਾ ਦੇ ਲੋਕ ਉਨਾਂ ਵੱਲੋਂ ਆਰੰਭੇ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਨ।
ਰਾਣਾ ਸੋਢੀ ਨੇ ਵਿਛੜੇ ਹੋਏ ਮਹਿਬੂਬ ਨੇਤਾ ਅਤੇ ਆਪਣੇ ਮਿੱਤਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ। ਉਨਾ ਕਿਹਾ ਕਿ ਸ੍ਰੀ ਸਿੰਗਲਾ ਦੇ ਤੁਰ ਜਾਣ ਨਾਲ ਪਾਰਟੀ ਤੇ ਸੂਬੇ ਨੂੰ ਪਿਆ ਘਾਟਾ ਪੂਰਿਆ ਨਹੀਂ ਜਾ ਸਕਦਾ। ਉਨਾ ਕਿਹਾ ਕਿ ਉਹ ਖੁਦ ਦੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਸਿੰਗਲਾ ਪਰਿਵਾਰ ਨਾਲ ਖੜਾ ਹੈ।
ਸ੍ਰੀ ਸਿੰਗਲਾ ਦਾ ਭਲਕੇ 29 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਲੋਧੀ ਰੋਡ, ਸ਼ਮਸ਼ਾਨ ਘਾਟ, ਨਵੀਂ ਦਿੱਲੀ ਵਿਖੇ ਸਸਕਾਰ ਕੀਤਾ ਜਾਵੇਗਾ। ਉਨਾ ਦਾ ਲੰਮੀ ਬਿਮਾਰੀ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਨਵੀਂ ਦਿੱਲੀ ਵਿੱਖੇ ਅੱਜ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ, ਪੁੱਤਰ ਅਤੇ ਇਕ ਧੀ ਛੱਡ ਗਏ ਹਨ।