– ਸਿੰਗਲਾ ਦੇ ਸਤਿਕਾਰ ਵਜੋਂ ਭਲਕੇ ਸੂਬਾ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ
ਚੰਡੀਗੜ, 28 ਜੂਨ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ (75) ਦੀ ਮੌਤ ‘ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨਾਂ ਦੇ ਵਿਛੋੜੇ ਨੂੰ ਕਾਂਗਰਸ ਪਾਰਟੀ ਦੇ ਨਾਲ-ਨਾਲ ਆਪਣੇ ਲਈ ਵੀ ਨਿੱਜੀ ਘਾਟਾ ਦੱਸਿਆ ਹੈ।
ਮੁੱਖ ਮੰਤਰੀ ਨੇ ਵਿਛੜੀ ਆਤਮਾ ਦੇ ਸਤਿਕਾਰ ਵਜੋਂ ਸ਼ੁਕਰਵਾਰ ਨੂੰ ਸੂਬਾ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਸਿੰਗਲਾ ਨੇ ਉਨਾਂ ਦੇ ਮੁੱਖ ਮੰਤਰੀ ਦੇ ਪਿਛਲੇ ਕਾਰਜਕਾਲ ਦੌਰਾਨ ਵਿੱਤ ਮੰਤਰੀ ਵਜੋਂ ਸੂਬੇ ਦੀ ਆਰਥਿਕਤਾ ਨੂੰ ਸਥਿਰ ਕਰਨ ਲਈ ਵਿਲੱਖਣ ਯੋਗਦਾਨ ਦਿੱਤਾ ਅਤੇ ਸ੍ਰੀ ਸਿੰਗਲਾ ਉਨਾਂ ਨੂੰ ਹਮੇਸ਼ਾਂ ਹੀ ਯਾਦ ਆਉਂਦੇ ਰਹਿਣਗੇ। ਉਨਾਂ ਨੇ ਬਠਿੰਡਾ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਸ੍ਰੀ ਸਿੰਗਲਾ ਵਲੋਂ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਸ੍ਰੀ ਸਿੰਗਲਾ ਇਕ ਯੋਗ ਪ੍ਰਸ਼ਾਸਕ ਅਤੇ ਅਰਥਸ਼ਾਸਤਰੀ ਸਨ ਜਿਨਾਂ ਦੇ ਵਿਛੋੜੇ ਨਾਲ ਕਾਂਗਰਸ ਅਤੇ ਲੋਕਾਂ ਲਈ ਇਕ ਖਲਾਅ ਪੈਦਾ ਹੋ ਗਿਆ ਹੈ ਜਿਨਾ ਵਾਸਤੇ ਉਨਾ ਨੇ ਅਨਥੱਕ ਸੇਵਾ ਕੀਤੀ। ਮੁੱਖ ਮੰਤਰੀ ਨੇ ਸ੍ਰੀ ਸਿੰਗਲਾ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਸਿੰਗਲਾ ਦਾ ਭਲਕੇ ਸ਼ੁਕਰਵਾਰ ਨੂੰ ਸਵੇਰੇ 11 ਵਜੇ ਲੋਧੀ ਰੋਡ, ਸ਼ਮਸ਼ਾਨ ਘਾਟ, ਨਵੀਂ ਦਿੱਲੀ ਵਿਖੇ ਸਸਕਾਰ ਕੀਤਾ ਜਾਵੇਗਾ। ਉਨਾਂ ਦਾ ਲੰਮੀ ਬਿਮਾਰੀ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਨਵੀਂ ਦਿੱਲੀ ਵਿੱਖੇ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ, ਪੁੱਤਰ ਅਤੇ ਇਕ ਧੀ ਛੱਡ ਗਏ ਹਨ।
ਇਸੇ ਦੌਰਾਨ ਰੈਜੀਡੈਂਟ ਕਮਿਸ਼ਨਰ, ਪੰਜਾਬ ਭਵਨ , ਨਵੀਂ ਦਿੱਲੀ ਰਾਖੀ ਗੁਪਤਾ ਨੇ ਪੰਜਾਬ ਸਰਕਾਰ ਦੀ ਤਰਫੋ ਸੁਰਿੰਦਰ ਸਿੰਗਲਾ ਦੀ ਦੇਹ ‘ਤੇ ਪੁਸ਼ਪਮਾਲਾਵਾਂ ਭੇਂਟ ਕੀਤੀ।