• ਕੌਮੀ ਰਾਜ ਮਾਰਗਾਂ, ਰਾਜਮਾਰਗਾਂ ਅਤੇ 10 ਹਜ਼ਾਰ ਕਿਲੋਮੀਟਰ ਦਿਹਾਤੀ ਸੜਕਾਂ ਨੇੜੇ ਲਾਏ ਜਾਣਗੇ ਪੌਦੇ
• ਲੰਬੇ ਦਰੱਖ਼ਤ ਬਣਨ ਵਾਲੇ ਬੂਟਿਆਂ ਦੀ ਥਾਂ ਛੋਟੇ ਦਰੱਖ਼ਤ ਬਣਨ ਵਾਲੇ ਬੂਟੇ ਲਾਏ ਜਾਣਗੇ
ਚੰਡੀਗੜ, 27 ਜੂਨ (ਵਿਸ਼ਵ ਵਾਰਤਾ) : ਪੌਦੇ ਲਾਉਣਾ ਸੌਖਾ ਹੈ ਪਰ ਉਨਾ ਦਾ ਰੱਖ-ਰਖਾਅ ਸਭ ਤੋਂ ਵੱਡੀ ਚੁਣੌਤੀ ਹੈ। ਇਸ ਲਈ ਲੋਕ ਨਿਰਮਾਣ ਵਿਭਾਗ ਮਿਸ਼ਨ ਤੰਦਰੁਸਤ ਤਹਿਤ ਪੌਦੇ ਲਾਉਣ ਦੀ ਮੁਹਿੰਮ ਵਿੱਢੇਗਾ। ਸਾਡਾ ਧਿਆਨ ਕਿਸਾਨਾਂ ‘ਚ ਭਰੋਸਾ ਪੈਦਾ ਕਰਨ ਦੇ ਨਾਲ-ਨਾਲ ਸਮਾਜ ਸੇਵੀਆਂ, ਪੰਚਾਇਤਾਂ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਇਸ ਮੁਹਿੰਮ ‘ਚ ਸ਼ਾਮਲ ਕਰਕੇ ਪੌਦੇ ਲਾਉਣ ਦੀ ਮੁਹਿੰਮ ਨੂੰ ਪ੍ਰਫੁੱਲਤ ਕਰਨਾ ਹੈ। ਇਹ ਵਿਚਾਰ ਅੱਜ ਸ੍ਰੀ ਵਿਜੇ ਇੰਦਰ ਸਿੰਗਲਾ, ਲੋਕ ਨਿਰਮਾਣ ਮੰਤਰੀ, ਪੰਜਾਬ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੌਰਾਨ ਪ੍ਰਗਟਾਏ। ਉਨਾ ਕਿਹਾ ਕਿ ਸੜਕ ਕੰਢੇ ਹਰਿਆਲੀ ਨੂੰ ਬਹਾਲ ਰੱਖਣ ਲਈ ਵਿਭਾਗ ਵੱਲੋਂ ਵੱਡੀ ਪੱਧਰ ‘ਤੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।
ਮੀਟਿੰਗ ਦੌਰਾਨ ਸ੍ਰੀ ਸਿੰਗਲਾ ਨੇ ਮੰਨਿਆ ਕਿ ਕੌਮੀ ਅਤੇ ਰਾਜਮਾਰਗਾਂ ‘ਤੇ ਪੌਦੇ ਲਾਉਣ ਦੀ ਨੀਤੀ ਦੇ ਬਾਵਜੂਦ ਇਸ ਨੀਤੀ ਦੀ ਜ਼ਮੀਨੀ ਪੱਧਰ ‘ਤੇ ਲੋੜ ਅਨੁਸਾਰੀ ਪਾਲਣਾ ਨਹੀਂ ਹੋ ਰਹੀ। ਇਸ ਮੁੱਦੇ ਦੇ ਹੱਲ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਯਮਿਤ ਨਿਗਰਾਨੀ ਰੱਖੀ ਜਾਵੇਗੀ। ਦਿਹਾਤੀ ਸੜਕਾਂ ‘ਤੇ ਪੌਦੇ ਲਾਉਣ ਲਈ ਲੋੜੀਂਦੀ ਥਾਂ ਦੀ ਉਪਲਬਧਤਾ ਅਤੇ ਚੌੜਾਈ ਬਾਰੇ ਵਿਚਾਰ ਕਰਦਿਆਂ ਉਨਾ ਕਿਹਾ ਕਿ ਦਿਹਾਤੀ ਖੇਤਰ ਦੀਆਂ 10 ਹਜ਼ਾਰ ਕਿਲੋਮੀਟਰ ਸੜਕਾਂ ‘ਤੇ ਪੌਦੇ ਲਾਏ ਜਾਣਗੇ। ਉਨਾ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਛਾਂਦਾਰ ਪੌਦਿਆਂ ਦੇ ਫ਼ਸਲਾਂ ‘ਤੇ ਪੈਣ ਵਾਲੇ ਪ੍ਰਭਾਵ ਕਾਰਨ ਕਿਸਾਨ ਅਜਿਹੇ ਬੂਟੇ ਲਾਉਣ ਤੋਂ ਕੰਨੀ ਕਤਰਾਉਂਦੇ ਹਨ। ਇਸ ਲਈ ਕਿਸਾਨਾਂ ਦੀ ਇਸ ਚਿੰਤਾ ਦੇ ਸਨਮੁਖ ਮਾਹਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਹੁਣ ਅਜਿਹੇ ਪੌਦੇ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜੋ ਜ਼ਿਆਦਾ ਲੰਬੇ ਨਹੀਂ ਹੁੰਦੇ ਅਤੇ ਉਨਾ ਦੀ ਲੰਬਾਈ ਵੀ ਅੱਠ ਤੋਂ ਦਸ ਫ਼ੁਟ ਹੀ ਰਹਿੰਦੀ ਹੈ। ਉਨਾ ਕਿਹਾ ਕਿ ਕਿਸਾਨ ਵੀ ਅਜਿਹੇ ਬੂਟੇ ਲਾਉਣ ਦਾ ਵਿਰੋਧ ਨਹੀਂ ਕਰਨਗੇ ਅਤੇ ਸੰਪਰਕ ਸੜਕਾਂ ‘ਤੇ ਇਸ ਕਿਸਮ ਦੇ ਪੌਦੇ ਲਾਏ ਜਾ ਸਕਣਗੇ।
ਵਾਤਾਵਰਣ ਮਾਹਰਾਂ ਨੇ ਸੁਝਾਅ ਦਿੱਤਾ ਕਿ ਚੰਪਾ, ਚਾਂਦਨੀ, ਸਾਵਨੀ, ਕਨੇਰ ਆਦਿ ਕਿਸਮਾਂ ਦੇ ਪੌਦੇ ਸੰਪਰਕ ਸੜਕਾਂ ‘ਤੇ ਲਾਏ ਜਾ ਸਕਦੇ ਹਨ। ਇਸ ਲਈ ਵਣ ਵਿਭਾਗ ਦੀ ਸਲਾਹ ਨਾਲ ਮੱਧਮ ਆਕਾਰ ਦੇ ਦਰੱਖ਼ਤ ਬਣਨ ਵਾਲੇ ਪੌਦੇ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਉਨਾ ਕਿਹਾ ਕਿ ਇਸ ਤੋਂ ਇਲਾਵਾ ਪੌਦਿਆਂ ਦੇ ਰੱਖ-ਰਖਾਅ ਲਈ ਪੰਚਾਇਤਾਂ ਅਤੇ ਮਨਰੇਗਾ ਕਾਮਿਆਂ ਨੂੰ ਸ਼ਾਮਲ ਕਰਨ ਲਈ ਸਬੰਧਤ ਵਿਭਾਗ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਇਸ ਸਭ ਕਾਸੇ ਤੋਂ ਇਲਾਵਾ, ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਲੋਕਾਂ ਨੂੰ ਪੌਦੇ ਲਾਉਣ ਦੇ ਫ਼ਾਇਦੇ ਅਤੇ ਇਨਾ ਦੀ ਸਾਂਭ-ਸੰਭਾਲ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਪ੍ਰਿੰਟ, ਇਲੈਕਟ੍ਰਾਨਿਕ, ਸੋਸ਼ਲ ਮੀਡੀਆ ਤੇ ਮਾਹਰਾਂ ਵੱਲੋਂ ਜਾਗਰੂਕਤਾ ਸੈਸ਼ਨਾਂ ਰਾਹੀਂ ਇਹ ਮੁਹਿੰਮ ਜ਼ੋਰ-ਸ਼ੋਰ ਨਾਲ ਚਲਾਈ ਜਾਵੇਗੀ।
ਮੀਟਿੰਗ ਦੌਰਾਨ ਪ੍ਰਮੁੱਖ ਮੁੱਖ ਵਣਪਾਲ, ਲੋਕ ਨਿਰਮਾਣ ਵਿਭਾਗ ਦੇ ਸਕੱਤਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਚੀਫ਼ ਆਰਕੀਟੈਕਟ ਪੰਜਾਬ, ਵਾਤਾਵਰਣ ਮਾਹਰ ਡਾ. ਬਲਵਿੰਦਰ ਸਿੰਘ ਲੱਖੇਵਾਲੀ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ, ਮੰਡੀ ਬੋਰਡ, ਭਾਰਤੀ ਕੌਮੀ ਮਾਰਗ ਅਥਾਰਟੀ ਦੇ ਸੀ.ਜੀ.ਐਮ, ਡੀ.ਐਫ਼.ਓ. ਅਤੇ ਜ਼ਿਲਾ ਬਾਗ਼ਬਾਨੀ ਅਧਿਕਾਰੀ ਸੰਗਰੂਰ ਨੇ ਵੀ ਆਪਣੇ ਬਹੁਮੁੱਲੇ ਵਿਚਾਰ ਰੱਖੇ।