ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ)- ਸੀਨੀਅਰ ਕਾਂਗਰਸੀ ਆਗੂ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇੱਕ ਲੜਕੀ ਨੂੰ ਕਥਿਤ ਤੌਰ ‘ਤੇ ਨਸ਼ਿਆਂ ਦੇ ਨਰਕ ਵਿੱਚ ਧੱਕਣ ਵਾਲੇ ਦੋਸ਼ੀ ਪੁਲੀਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੰਗਲਵਾਰ ਦੇ ਦਿਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮਹਿਲਾ ਡਰੱਗ ਪੁਨਰਵਾਸ ਕੇਂਦਰ, ਕਪੂਰਥਲਾ ਵਿਖੇ ਉਨ੍ਹਾਂ ਦੀ ਫੇਰੀ ਦੌਰਾਨ ਇੱਕ ਕੈਦੀ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਡੀ.ਐਸ.ਪੀ. ਰੈਂਕ ਦਾ ਪੁਲੀਸ ਅਧਿਕਾਰੀ ਉਸ ਨੂੰ ਨਸ਼ਿਆਂ ਦਾ ਆਦੀ ਬਣਾਉਣ ਲਈ ਜਿੰਮੇਵਾਰ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਲੜਕੀ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਢੁਕਵੀਂ ਪੜਤਾਲ ਕੀਤੀ ਜਾਵੇਗੀ ਜੇ ਉਕਤ ਪੁਲੀਸ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਿਛਲੇ ਡੇਢ ਸਾਲ ਤੋਂ ਨਸ਼ਿਆਂ ਦੇ ਕਹਿਰ ਨੂੰ ਅਸਰਦਾਰ ਤਰੀਕੇ ਨਾਲ ਕੰਟਰੋਲ ਕੀਤਾ ਹੈ। ਉਨ੍ਹਾਂ ਕਿਹਾ, ” ਮੈਂ ਇਹ ਨਹੀਂ ਕਹਿੰਦਾ ਕਿ ਨਸ਼ੇ ਪੂਰੀ ਤਰ੍ਹਾਂ ਪੰਜਾਬ ਵਿੱਚੋਂ ਖ਼ਤਮ ਹੋ ਗਏ ਹਨ ਪਰ ਫਿਰ ਵੀ ਇੱਥੇ ਕਾਫ਼ੀ ਹੱਦ ਤੱਕ ਸੁਧਾਰ ਵੇਖਣ ਨੂੰ ਮਿਲਿਆ ਹੈ ਕਿਉਂ ਕਿ ਹੁਣ ਨਸ਼ਿਆਂ ਦੀ ਸਪਲਾਈ ਅਤੇ ਉਪਲੱਬਧੀ ਓਨੀ ਸੁਖਾਲੀ ਨਹੀਂ ਰਹੀ ਜਿੱਦਾਂ ਅਕਾਲੀਆਂ ਦੇ ਸ਼ਾਸ਼ਨ-ਕਾਲ ਦੌਰਾਨ ਹੁੰਦੀ ਸੀ।”
ਉਨ੍ਹਾਂ ਦੱਸਿਆ ਕਿ ਪੁਨਰਵਾਸ ਕੇਂਦਰਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਕਿਉਂ ਕਿ ਹੁਣ ਨਸ਼ਿਆਂ ਦੇ ਆਦੀ ਲੋਕ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਲਾਜ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਲਈ ਇਹ ਸਰਕਾਰ ਵੱਲੋਂ ਚੁੱਕੇ ਪ੍ਰਭਾਵੀ ਕਦਮਾਂ ਦਾ ਹੀ ਨਤੀਜਾ ਹੈ।
ਰਾਣਾ ਗੁਰਜੀਤ ਸਿੰਘ ਨੇ ਨਸ਼ਿਆਂ ਕਾਰਣ ਗਈਆਂ ਜਾਨਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਸਰਕਾਰ ਦੇ ਨਸ਼ਿਆਂ ਖਿਲਾਫ਼ ਸਖ਼ਤ ਰੁਖ਼ ਕਾਰਨ ਸਥਿਤੀ ਨਿਯੰਤਰਣ ਹੇਠ ਹੋਣ ਦਾ ਵੀ ਭਰੋਸਾ ਦਿੱਤਾ।