
- ਸੀਨੀਅਰ ਪੁਲੀਸ ਅਫਸਰ ਅਮਰ ਸਿੰਘ ਚਹਿਲ ਨੇ ਮੱਕੀ ਦੀ ਖੇਤੀ ਵਿਚ ਲਈ ਦਿਲਚਸਪੀ
ਮਾਨਸਾ, 26 ਜੂਨ (ਵਿਸ਼ਵ ਵਾਰਤਾ) – ਖੇਤੀਬਾੜੀ ਵਿਭਾਗ ਨੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਝੋਨੇ ਦੇ ਬਦਲ ਵੱਜੋ ਮੱਕੀ ਦੀ ਕਾਸ਼ਤ ਨੂੰ ਤਰਜੀਹ ਦੇਣ। ਮਹਿਕਮੇ ਦਾ ਕਹਿਣਾ ਹੈ ਕਿ ਮੱਕੀ ਬੀਜਕੇ ਚੋਖਾ ਧਨ ਕਮਾਇਆ ਜਾ ਸਕਦਾ ਹੈ ਅਤੇ ਇਸ ਦੀ ਖੇਤੀ ਨੂੰ ਮਲਵੱਈ ਧਰਤੀ ਵਧੀਆ ਮੰਨਦੀ ਹੈ। ਮਹਿਕਮੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਦੁਆਬੇ ਵਿਚ ਭਰਭੂਰ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ, ਪਰ ਹੁਣ ਮਾਲਵੇ ਵਿਚ ਵੀ ਕਿਸਾਨ ਮੱਕੀ ਦੀ ਕਾਸ਼ਤ ਕਰਨ ਨੂੰ ਤਰਜ਼ੀਹ ਦੇਣ ਲੱਗੇ ਹਨ। ਵਿਭਾਗ ਵੱਲੋਂ ਅੱਜ ਕੱਲ੍ਹ ਇਸ ਜ਼ਿਲ੍ਹੇ ਵਿਚਲੇ ਕੁਝ ਚੋਣਵੇਂ ਕਿਸਾਨਾਂ ਦੇ ਖੇਤਾਂ ਵਿਚ ਮੱਕੀ ਦੀ ਤਰਜੀਹੀ ਤੌਰ *ਤੇ ਬਿਜਾਈ ਕਰਵਾਉਣੀ ਆਰੰਭ ਕੀਤੀ ਹੋਈ ਹੈ।
ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੱਕੀ ਦੀ ਖਰੀਦ ਨੂੰ ਯਕੀਨੀ ਤੇ ਚੰਗਾ ਭਾਅ ਮਿੱਥਕੇ ਰਾਜ ਅਤੇ ਕੇਂਦਰ ਸਰਕਾਰ ਖੁਦ ਕਰੇ ਤਾਂ ਝੋਨੇ ਹੇਠੋਂ ਰਕਬਾ ਘਟਕੇ ਮੱਕੀ ਹੇਠ ਰਕਬਾ ਯਕੀਨਣ ਵਧਣ ਦੇ ਨਾਲ ਪਾਣੀ ਦੀ ਸਾਂਭ—ਸੰਭਾਲ ਅਤੇ ਵਾਤਾਵਰਨ ਵੀ ਸਾਫ਼ ਰੱਖਿਆ ਜਾ ਸਕਦਾ ਹੈ।
ਪਿਛਲੇ ਸਾਲ 2 ਏਕੜ ਮੱਕੀ ਦੀ ਕਾਸ਼ਤ ਤੋਂ ਚੰਗਾ ਝਾੜ ਪ੍ਰਾਪਤ ਹੋਣ ਕਰਕੇ ਹੁਣ 6 ਏਕੜ ਰਕਬੇ ਵਿਚ ਮੱਕੀ ਦੀ ਫ਼ਸਲ ਬੀਜਣ ਵਾਲੇ ਅਵਲ ਦਰਜ਼ੇ ਦੇ ਪੁਲੀਸ ਅਫ਼ਸਰ (ਆਈ.ਜੀ.) ਅਮਰ ਸਿੰਘ ਚਹਿਲ ਨੇ ਦੱਸਿਆ ਕਿ ਜੇਕਰ ਸਰਕਾਰੀ ਰੇਟ *ਤੇ ਮੱਕੀ ਦੀ ਖਰੀਦ ਕੀਤੀ ਜਾਵੇ ਤਾਂ ਕਿਸਾਨ ਜ਼ਰੂਰ ਝੋਨੇ ਹੇਠੋਂ ਰਕਬਾ ਘਟਾਕੇ ਮੱਕੀ ਦੀ ਫ਼ਸਲ ਹੇਠ ਰਕਬਾ ਲੈ ਆਉਣਗੇ। ਉਨ੍ਹਾਂ ਕਿਹਾ ਕਿ ਇਸ ਨਾਲ, ਜਿੱਥੇ ਕੁਦਰਤੀ ਅਨਮੋਲ ਖਜ਼ਾਨਾ ਪਾਣੀ ਦੀ ਬੱਚਤ ਹੋਵੇਗੀ, ਉਥੇ ਵਾਤਾਵਰਨ ਵੀ ਸਾਫ਼ ਰਹੇਗਾ ਅਤੇ ਖੇਤੀ ਵਿਭਿੰਨਤਾ ਨੂੰ ਵੱਡਾ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੱਕੀ ਦੀ ਬਿਜਾਈ ਕਰਨ ਲਈ ਨਵੀਨੀਤਮਕ ਮਸ਼ੀਨਰੀ ਨਿਊਮੈਟਿਕ ਪਲਾਂਟਰ ਵੀ 80 ਪ੍ਰਤੀਸ਼ਤ ਸਬਸਿਡੀ *ਤੇ ਮਿਲਣੇ ਚਾਹੀਦੇ ਹਨ, ਕਿਉਂਕਿ ਇਸ ਸਮੇਂ *ਤੇ ਲੇਬਰ ਬਹੁਤ ਮਹਿੰਗੀ ਮਿਲਦੀ ਹੈ ਅਤੇ ਲੇਬਰ ਦੀ ਕਿਸਾਨਾਂ ਨੂੰ ਘਾਟ ਵੀ ਮਹਿਸੂਸ ਹੁੰਦੀ ਹੈ।
ਵਰਣਨਯੋਗ ਹੈ ਕਿ ਸੀਨੀਅਰ ਆਈ.ਪੀ.ਐਸ ਅਫਸਰ ਅਮਰ ਸਿੰਘ ਚਹਿਲ ਮਾਨਸਾ ਨੇੜਲੇ ਪਿੰਡ ਮੱਤੀ ਦੇ ਰਹਿਣ ਵਾਲੇ ਹਨ ਅਤੇ ਉਹ ਆਧੁਨਿਕ ਢੰਗ ਨਾਲ ਖੇਤੀ ਨੂੰ ਕਰਵਾਉਣ ਵਿਚ ਬੜੀ ਦਿਲਚਸਪੀ ਲੈ ਰਹੇ ਹਨ।
ਇਸੇ ਦੌਰਾਨ ਸਟੇਟ ਐਵਾਰਡੀ ਅਤੇ ਖੇਤੀ ਵਿਭਾਗ (ਮੋਗਾ) ਦੇ ਅਧਿਕਾਰੀ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਵਧੀਆ ਕਿਸਮ ਦੇ ਘੱਟੋ—ਘੱਟ 75,000 ਬੂਟੇ ਪ੍ਰਤੀ ਹੈਕਟੇਅਰ ਹੋਣ ਤਾਂ ਕਿਸਾਨ ਤਕਰੀਬਨ 75 ਕੁਇੰਟਲ ਪ੍ਰਤੀ ਹੈਕਟੇਅਰ ਮੱਕੀ ਦਾ ਝਾੜ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਆਪਣੀ ਦੇਖ ਰੇਖ ਵਿਚ 2 ਏਕੜ ਮੱਕੀ ਦੀ ਬੈਡ ਪਲਾਂਟੇਸ਼ਨ ਤਕਨੀਕ, 2 ਏਕੜ ਵੱਟਾਂ ਉੱਪਰ ਅਤੇ 2 ਏਕੜ ਨਿਊਮੈਟਿਕ ਪਲਾਂਟਰ ਦਾ ਪ੍ਰਦਸ਼ਣੀ ਪਲਾਂਟ ਲਗਾਇਆ। ਉਨ੍ਹਾਂ ਦੱਸਿਆ ਕਿ ਮੱਕੀ ਦੀ ਫ਼ਸਲ ਨੂੰ ਲੋੜ ਅਨੁਸਾਰ ਘੱਟ ਪਾਣੀ ਲਗਾਕੇ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਨਿਊਮੈਟਿਕ ਪਲਾਂਟਰ ਇਕ ਨਵੀਂ ਤਕਨੀਕ ਨਾਲ ਤਿਆਰ ਕੀਤਾ ਗਿਆ ਸੰਦ ਹੈ, ਜਿਸ ਨਾਲ ਕਿਸਾਨ ਇਕ ਦਿਨ ਵਿਚ 25 ਏਕੜ ਰਕਬੇ ਵਿਚ ਵੀ ਬਿਜ਼ਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਊਮੈਟਿਕ ਪਲਾਂਟਰ ਨਾਲ ਮੱਕੀ ਦੀ ਬਿਜਾਈ ਕਰਨਾ ਕਿਸਾਨਾਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਹੇਠੋਂ ਕੁਝ ਰਕਬਾ ਘਟਾਕੇ ਮੱਕੀ ਦੀ ਫ਼ਸਲ ਹੇਠ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ।





















