
12290 ਮੈਗਾਵਾਟ ਪ੍ਰਤੀਦਿਨ ਬਿਜਲੀ ਦੀ ਅਨੁਮਾਨਿਤ ਮੰਗ ਦੇ ਬਦਲੇ 13073 ਮੈਗਾਵਾਟ ਊਰਜਾ ਦਾ ਕੀਤਾ ਪ੍ਰਬੰਧ
ਚੰਡੀਗੜ, 19 ਜੂਨ (ਵਿਸ਼ਵ ਵਾਰਤਾ) : ਸੂਬੇ ਵਿੱਚ ਬਿਜਲੀ ਦੀ ਕਿੱਲਤ ਸਬੰਧੀ ਕਿਸਾਨਾਂ ਦੀਆਂ ਸ਼ੰਕਿਆਂ ਨੂੰ ਦੂਰ ਕਰਦੇ ਹੋਏ ਬਿਜਲੀ ਮੰਤਰੀ ਪੰਜਾਬ, ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਯਮਿਤ ਤੌਰ ‘ਤੇ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਮੰਤਰੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੀਆਂ ਜ਼ਰੂਰਤਾਂ ਲਈ ਵਿਭਾਗ ਪੂਰੀ ਤਰਾਂ ਤਿਆਰ ਹੈ ਅਤੇ ਇਸ ਦਿਸ਼ਾ ਵੱਲ ਢੁਕਵੇਂ ਪ੍ਰਬੰਧ ਕੀਤੇ ਜਾ ਚੁੱਕੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਕਿਸਾਨਾਂ ਦੀਆਂ ਰੋਜਾਨਾ ਜਰੂਰਤਾਂ ਅਤੇ 8 ਘੰਟੇ ਨਿਰਵਿਘਨ ਊਰਜਾ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰਾੰ ਤਿਆਰ ਹੈ। 20 ਜੂਨ ਤੋਂ ਸੂਬੇ ਵਿੱਚ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਸਬੰਧੀ ਬਿਜਲੀ ਸਪਲਾਈ ਨੂੰ ਨਿਰਵਿਘਨ ਬਣਾਉਣ ਲਈ ਪਾਵਰ ਕਾਮ ਦੇ ਅਧਿਕਾਰੀਆਂ ਨਾਲ ਚੰਡੀਗੜ ਵਿੱਚ ਹੋਈ ਮੀਟਿੰਗ ਦੇ ਦੌਰਾਨ ਸ੍ਰੀ ਕਾਂਗੜ ਨੇ ਇਹ ਵਿਚਾਰ ਰੱਖੇ।
ਮੀਟਿੰਗ ਵਿੱਚ ਪਹਿਲਾਂ ਉਹਨਾਂ ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ, ਪੀ.ਐਸ.ਈ.ਬੀ. ਇੰਮਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਪ੍ਰਤੀਨਿੱਧੀਆਂ ਦੀਆਂ ਮੰਗਾਂ ਨੂੰ ਸੁਣੀਆਂ ਅਤੇ ਉਹਨਾਂ ਦੀ ਸਕਰਾਤਮਕ ਹੱਲ ਦੇ ਲਈ ਹਰ ਸੰਭਵ ਕੋਸ਼ਿਸ਼ ਦਾ ਭਰੋਸਾ ਵੀ ਦਵਾਇਆ। ਇਸ ਮੌਕੇ ਤੇ ਪਾਵਰ ਕਾਮ ਦੇ ਸੀ.ਐਮ.ਡੀ. ਸ੍ਰੀ ਬਲਦੇਵ ਸਿੰਘ ਸਰਾਂ, ਪ੍ਰਿੰਸੀਪਲ ਸਕੱਤਰ ਸ੍ਰੀ ਏ ਵੇਨੂੰ ਪ੍ਰਸਾਦ, ਪਾਵਰ ਕਾਮ ਦੇ ਡਾਇਰੈਕਟਰ ਪ੍ਰਸ਼ਾਸਨ ਸ਼੍ਰੀ ਆਰ. ਵੀ ਪਾਂਡਵ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਸ੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਜਿੱਥੇ ਕਿ ਗਰਮੀ ਦੇ ਸਿਖਰਾਂ ਅਤੇ ਝੌਨੇ ਦੇ ਸੀਜ਼ਨ ਦੌਰਾਨ ਊਰਜਾ ਲੋਡ ਬਾਕੀ ਸਮੇਂ ਨਾਲੋਂ ਕਾਫੀ ਜਿਆਦਾ ਹੁੰਦਾ ਹੈ। ਪਿਛਲੇ ਸਾਲ ਜੁਲਾਈ ਮਹੀਨੇ ਵਿੱਚ 11705 ਮੈਗਾਵਾਟ ਦੀ ਸਭ ਤੋਂ ਵੱਧ ਊਰਜਾ ਮੰਗ ਦਰਜ ਕੀਤੀ ਗਈ ਸੀ ਜਿਸਨੂੰ ਪੂਰਾ ਕਰਨਾ ਇੱਕ ਚੁਣੌਤੀ ਸੀ, ਪਰ ਉਪਲਬਧ ਊਰਜਾ ਸੋਮਿਆਂ ਦੀ ਉੱਤਮ ਵਰਤੋਂ ਨਾਲ ਇਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ। ਸਾਲ 2018 ਵਿੱਚ ਵੱਧ ਤੋਂ ਵੱਧ 12290 ਮੈਗਾਵਾਟ ਪ੍ਰਤੀ ਦਿਨ ਊਰਜਾ ਮੰਗ ਦਾ ਅਨੁਮਾਨ ਲਗਾਇਆ ਗਿਆ ਹੈ।
20 ਜੂਨ ਤੋਂ ਸ਼ੁਰੂ ਹੋਣ ਵਾਲੇ ਝੋਨਾ ਬਿਜਾਈ ਸੀਜ਼ਨ ਲਈ ਊਰਜਾ ਮੰਗ ਦੇ ਵੇਰਵੇ ਦਿੰਦਿਆਂ ਸ੍ਰੀ ਕਾਂਗੜ ਨੇ ਕਿਹਾ ਕਿ ਇਸ ਸਾਲ ਊਰਜਾ ਦੀ ਮੰਗ ਨੂੰ ਪੂਰਾ ਕਰਨ ਲਈ ਕੇਂਦਰ ਤੋਂ 700 ਮੈਗਾਵਾਟ ਹਾਈਡਰੋ, 1510 ਮੈਗਾਵਾਟ ਥਰਮਲ ਤੇ 4567 ਮੈਗਾਵਾਟ ਦੀ ਮੰਗ ਸਮੇਤ ਤਲਵੰਡੀ ਸਾਬੋ, ਨਾਭਾ ਪਾਵਰ ਅਤੇ ਗੋਇੰਦਬਾਲ ਸਾਹਿਬ ਥਰਮਲ ਪਲਾਂਟਾਂ ਤੋਂ 3187 ਮੈਗਾਵਾਟ, ਪੇਡਾ/ਕੋ ਜਨਰੇਸ਼ਨ/ਬਾਈਓ ਮਾਸ ਤੋਂ 150 ਮੈਗਾਵਾਟ, 669 ਮੈਗਾਵਾਟ ਸੋਲਰ, 1990 ਮੈਗਾਵਾਟ ਬੈਕਿੰਗ ਵਿਵਸਥਾ ਅਤੇ ਹਿਮਾਚਲ ਤੋਂ 300 ਮੈਗਾਵਾਟ ਨਵਿਆਉਣਯੋਗ ਊਰਜਾ ਦਾ ਪ੍ਰਬੰਧ ਕੀਤਾ ਗਿਆ ਹੈ। ਗ੍ਰੀਨ ਪਾਵਰ ਤਹਿਤ ਨਵਿਆਉਣਯੋਗ ਊਰਜਾ ਕੰਮਾਂ ਨੂੰ ਪੂਰਾ ਕਰਨ ਲਈ ਨਵਿਆਉਣਯੋਗ ਊਰਜਾ ਦੀ ਖਰੀਦ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।
ਬਿਹਤਰੀਨ ਸ਼ਿਕਾਇਤ ਨਿਵਾਰਣ ਪ੍ਰਣਾਲੀ ਨਾਲ ਊਰਜਾ ਪ੍ਰਬੰਧਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ। ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਅਤੇ ਪੂਰਤੀ ਮੰਗਾਂ ਸ਼ਿਖਰਾਂ ‘ਤੇ ਹੁੰਦੀਆਂ ਹਨ, ਇਸੇ ਤਰਾਂ ਝੋਨੇ ਦੇ ਬਿਜਾਈ ਸੀਜਨ ਦੇ ਸ਼ੁਰੂ ਹੋਣ ਨਾਲ ਖੇਤੀਬਾੜੀ ਕਾਸ਼ਤਕਾਰਾਂ ਦੀ ਊਰਜਾ ਮੰਗ ਵੀ ਸ਼ਿਖਰਾਂ ‘ਤੇ ਹੈ।
ਪੀ.ਐਸ.ਪੀ.ਸੀ.ਐਲ ਸੂਬੇ ਵਿੱਚ ਸਥਾਪਿਤ ਇੱਕ ਬਿਹਤਰੀਨ ਗ੍ਰਾਹਕ ਸੇਵਾ ਪ੍ਰਣਾਲੀ ਹੈ, ਜੋ ਕਿ 1912 ਨੰਬਰ ਡਾਇਲ ਕਰਨ ‘ਤੇ ਸੂਬੇ ਭਰ ਵਿੱਚ ਕਿਤੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਪਹੁੰਚ ਰੱਖਦੀ ਹੈ। ਇਸ ਤੋਂ ਇਲਾਵਾ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਕਰਕੇ ਉਹਨਾਂ ਦੀ ਸੰਤੁਸ਼ਟੀ ਲਈ 98 ਨੋਡਲ ਸ਼ਿਕਾਇਤ ਕੇਂਦਰ ਅਤੇ ਪੰਜਾਬ ਦੇ ਸਾਰੇ ਜੋਨਾਂ ਵਿੱਚ 5 ਜੋਨਲ ਕੰਟਰੋਲ ਰੂਮਜ਼ ਸਥਾਪਿਤ ਕੀਤੇ ਗਏ ਹਨ।
ਇਸ ਤੋ ਪਹਿਲਾਂ ਪਾਵਰ ਕਾਮ ਯੂਨੀਅਨਾਂ ਨੇ ਸ੍ਰੀ ਕਾਂਗੜ ਦੇ ਸਾਹਮਣੇ ਆਪਣੀ ਮੰਗ ਰੱਖੀ ਜਿਸ ਵਿੱਚ ਬੰਦ ਕੀਤੇ ਥਰਮਲ ਪਲਾਂਟਾਂ ਨੂੰ ਸ਼ੁਰੂ ਕਰਨ, ਪਾਵਰ ਕਾਮ ਦੇ ਐਸ.ਡੀ.ਓ. ਦੇ ਗ੍ਰੇਡ ਨੂੰ ਲੈ ਕੇ ਅੰਤਰ, ਪਾਵਰ ਕਾਮ ਦੀਆਂ ਖਾਲੀ ਪੋਸਟਾਂ ਨੂੰ ਭਰਨ, ਠੇਕੇ ‘ਤੇ ਰੱਖੇ ਕਰਮਚਾਰੀਆਂ ਦੀ ਡਿਊਟੀ ‘ਤੇ ਹੋਣ ਵਾਲੀ ਮੌਤ ‘ਤੇ ਉਸ ਦੇ ਪਰਿਵਾਰ ਨੂੰ ਵਿਭਾਗ ਵੱਲੋਂ ਲਾਭ ਦਿੱਤੇ ਜਾਣ ਅਤੇ ਹੋਰ ਮੁੱਦੇ ਸ਼ਾਮਿਲ ਹਨ। ਇਸ ਤੋਂ ਇਲਾਵਾ ਯੂਨਿਅਨ ਨੇ ਪਾਵਰ ਕਾਮ ਨੂੰ ਸਬੰਧਿਤ ਹੋਰ ਮੁੱਦਿਆਂ ਬਾਰੇ ਸ੍ਰੀ ਕਾਂਗੜ ਨੂੰ ਜਾਣੂ ਕਰਵਾਇਆ ਅਤੇ ਆਪਣੇ ਸੁਝਾਅ ਦਿੱਤੇ। ਸ੍ਰੀ ਕਾਂਗੜ ਨੇ ਯੂਨੀਅਨ ਦੇ ਸੁਝਾਵਾਂ ਨੂੰ ਸੁਣੀਆ ਅਤੇ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਥਰਮਲ ਪਲਾਂਟਾਂ ਨੂੰ ਸ਼ੁਰੂ ਕਰਨ ਦੇ ਮੁੱਦੇ ‘ਤੇ ਉਨਾਂ ਕਿਹਾ ਕਿ ਇਸ ਮੁੱਦੇ ‘ਤੇ ਯੂਨਿਅਨ ਵੱਲੋਂ ਰੱਖੇ ਵਿਚਾਰਾਂ ਨੂੰ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖਣਗੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਕਾਂਗੜ ਨੇ ਕਿਹਾ ਕਿ ਕੁਝ ਲੋਕ ਕਿਸਾਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਹੋਏ ਉਨਾ ਨੂੰ ਗੁੰਮਰਾਹ ਕਰ 16 ਘੰਟੇ ਬਿਜਲੀ ਮੰਗ ਰਹੇ ਹਨ। ਉਨਾਂ ਕਿਹਾ ਕਿ ਉਹ ਖੁਦ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਜਾਣਦੇ ਹਨ ਕਿ ਝੋਨੇ ਦੀ ਫਸਲ ਦੇ ਲਈ ਅੱਠ ਘੰਟੇ ਬਿਜਲੀ ਬਹੁਤ ਹੁੰਦੀ ਹੈ। ਉਨਾ ਕਿਹਾ ਕਿ ਅਜਿਹੇ ਲੋਕਾਂ ਤੋਂ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਜਿਹੜੇ ਕਿ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਉਨਾ ਨੂੰ ਗੁੰਮਰਾਹ ਕਰ ਰਹੇ ਹਨ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...






















