-ਮੋਦੀ ਸਰਕਾਰ ਦੀ ਭੂਮਿਕਾ ਗੁੰਮਰਾਹਕੁੰਨ, ਅਸਤੀਫ਼ਾ ਦੇਵੇ ਹਰਸਿਮਰਤ ਕੌਰ ਬਾਦਲ-ਡਾ. ਬਲਬੀਰ ਸਿੰਘ
-ਚੁੱਪੀ ਤੋੜ ਕੇ ਸਥਿਤੀ ਸਾਫ਼ ਕਰਨ ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 7 ਜੂਨ ()-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ੍ਰੀ ਦਰਬਾਰ ਸਾਹਿਬ ਸਮੇਤ ਸ੍ਰੀ ਦੁਰਗਿਆਨਾ ਮੰਦਿਰ ਅਤੇ ਹੋਰ ਧਾਰਮਿਕ ਸਥਾਨਾਂ ਦੇ ਲੰਗਰ ਦੀ ਸੇਵਾ ਉੱਤੇ ਜੀਐਸਟੀ ਨੂੰ ਲੈ ਕੇ ਪਾਏ ਜਾ ਰਹੇ ਭੰਬਲਭੂਸੇ ‘ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਸਖ਼ਤ ਨਿੰਦਿਆ ਕੀਤੀ ਹੈ। ‘ਆਪ’ ਨੇ ਇਸ ਮੁੱਦੇ ‘ਤੇ ਨਰਿੰਦਰ ਮੋਦੀ ਸਰਕਾਰ ‘ਚ ਸ਼ਾਮਲ ਅਕਾਲੀ ਦਲ ਬਾਦਲ ਨੂੰ ਆੜੇ ਹੱਥੀ ਲੈਂਦਿਆਂ ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
‘ਆਪ’ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਨਿਆਰੀ ਪ੍ਰਥਾ ਉੱਤੇ ਭਾਜਪਾ ਦੀ ਕੇਂਦਰ ਸਰਕਾਰ ਨੇ ਜੀਐਸਟੀ ਰਾਹੀਂ ਸਿੱਧੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਮੋਦੀ ਸਰਕਾਰ ‘ਚ ਵਜ਼ੀਰੀ ਮਾਣ ਰਹੀ ਹਰਸਿਮਰਤ ਕੌਰ ਬਾਦਲ ਸਮੇਤ ਅਕਾਲੀ ਦਲ ਬਾਦਲ ‘ਲੰਗਰ’ ਤੋਂ ਜੀਐਸਟੀ ‘ਮੁਆਫ਼’ ਕਰਾਉਣ ਦੇ ਨਾਂ ‘ਤੇ ਨਾ ਕੇਵਲ ਨਿਹਾਇਤ ਹਲਕੀ ਸਿਆਸਤ ਕਰ ਰਿਹਾ ਹੈ। ਬਲਕਿ ਗੁਰੂ ਸਾਹਿਬਾਨਾਂ ਦੀ ਕਿਰਪਾ ਨਾਲ ਦੁਨੀਆ ਭਰ ‘ਚ ਅਟੁੱਟ ਵਰਤ ਰਹੇ ਲੰਗਰ ਦੀ ਸੇਵਾ ਨੂੰ ‘ਮੁਆਫ਼ੀ’ ਵਰਗੀ ‘ਭੀਖ’ ਨਾਲ ਜੋੜ ਕੇ ਸਾਧ-ਸੰਗਤ ਦੀ ਸ਼ਰਧਾ ਅਤੇ ਆਸਥਾ ਨੂੰ ਚੋਟ ਪਹੁੰਚਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਵਕੀਲਾਂ, ਕਾਨੂੰਨੀ ਮਾਹਿਰਾਂ ਅਤੇ ਮੀਡੀਆ/ ਸੋਸ਼ਲ ਮੀਡੀਆ ਉੱਪਰ ਲੰਗਰ ਦੀ ਸੇਵਾ ਉੱਤੇ ਜੀਐਸਟੀ ਬਾਰੇ ਕੀਤੇ ਜਾ ਰਹੇ ਸਨਸਨੀਖ਼ੇਜ਼ ਖ਼ੁਲਾਸਿਆਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁੱਪੀ ਤੋੜਨ ਲਈ ਆਖਿਆ ਹੈ। ‘ਆਪ’ ਆਗੂ ਨੇ ਕਿਹਾ ਕਿ ‘ਲੰਗਰ’ ‘ਤੇ ਜੀਐਸਟੀ ਦਾ ਮਾਮਲਾ ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨਾਲੋਂ ਵੱਧ ਕੇਂਦਰ ਅਤੇ ਸੂਬਾ ਸਰਕਾਰ ਨਾਲ ਸੰਬੰਧਿਤ ਹੈ, ਜਿੱਥੇ ਸੂਬਾ ਸਰਕਾਰ ਨੇ ਆਪਣੇ ਹਿੱਸੇ ਦੀ ਜੀਐਸਟੀ ਛੱਡ ਦਿੱਤੀ ਹੈ, ਜੋ ਕਿ ਅਜੇ ਲਾਗੂ ਹੋਣਾ ਬਾਕੀ ਹੈ, ਫਿਰ ਵੀ ਸਵਾਗਤ ਯੋਗ ਕਦਮ ਹੈ, ਉੱਥੇ ਸੂਬਾ ਸਰਕਾਰ ਦਾ ਇਹ ਫ਼ਰਜ਼ ਵੀ ਬਣਦਾ ਹੈ ਕਿ ਉਹ ਇਸ ਮੁੱਦੇ ਬਾਰੇ ਪੈਦਾ ਹੋਏ ਭੰਬਲਭੂਸੇ ਨੂੰ ਬਿਨਾ ਦੇਰੀ ਖ਼ਤਮ ਕਰੇ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਹੋਏ ਪੱਤਰਾਂ ਨੂੰ ਕਾਨੂੰਨੀ ਨੁਕਤੇ ਲਿਹਾਜ਼ ਨਾਲ ਪਰਿਭਾਸ਼ਿਤ ਕਰੇ। ਇਸ ਨਾਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਿਰੋਮਣੀ ਅਕਾਲੀ ਦਲ ਬਾਦਲ ਅਤੇ ਐਸਜੀਪੀਸੀ ਦੀ ਭੂਮਿਕਾ ਦਾ ਸੱਚ ਸਾਧ-ਸੰਗਤ ਦੇ ਸਾਹਮਣੇ ਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕੇਂਦਰੀ ਸਭਿਆਚਾਰ ਮੰਤਰਾਲੇ ਵੱਲੋਂ 31 ਮਈ 2018 ਨੂੰ ‘ਸੇਵਾ ਭੋਜ ਯੋਜਨਾ’ ਤਹਿਤ ਚੈਰੀਟੇਬਲ ਧਾਰਮਿਕ ਸੰਸਥਾਵਾਂ ਨੂੰ ਕੁੱਝ ਵਿਸ਼ੇਸ਼ ਵਸਤਾਂ/ਸਮਗਰੀ ਲਈ ‘ਆਰਥਿਕ ਸਹਾਇਤਾ’ ਦੇਣ ਸੰਬੰਧੀ ਜਾਰੀ ਹੋਈ ਚਿੱਠੀ ਬਾਰੇ ਵੀ ਕੇਂਦਰ ਸਰਕਾਰ, ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ। ਉਨ੍ਹਾਂ ਪੁੱਛਿਆ ਕਿ ਕੇਂਦਰੀ ਸਭਿਆਚਾਰ ਮੰਤਰਾਲੇ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਨੂੰ ਜਾਰੀ ਕੀਤੇ ਇਸ ਪੱਤਰ ਦਾ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਰ ਸਮੇਤ ਹੋਰ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਿਆਂ ‘ਚ ਵਰਤਾਏ ਜਾਂਦੇ ‘ਲੰਗਰ ਦੀ ਸੇਵਾ’ ਅਤੇ ਜੀਐਸਟੀ ਨਾਲ ਕੀ ਸੰਬੰਧ ਹੈ? ਇਹ ਵੀ ਸਵਾਲ ਕੀਤਾ ਕਿ ਜੇਕਰ ਇਹ ਪੱਤਰ ਸੱਚਮੁੱਚ ਲੰਗਰ ਦੀ ਸੇਵਾ ਅਤੇ ਜੀਐਸਟੀ ਨਾਲ ਸੰਬੰਧਿਤ ਹੈ ਤਾਂ ਇਸ ਨੂੰ ਸਭਿਆਚਾਰਕ ਮੰਤਰਾਲੇ ਵੱਲੋਂ ਕਿਉਂ ਜਾਰੀ ਕੀਤਾ ਗਿਆ ਹੈ? ਕੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਰ ਸਮੇਤ ਹੋਰ ਧਾਰਮਿਕ ਕਮੇਟੀਆਂ ਜਾ ਸੰਸਥਾਵਾਂ ਦਾ ਸੰਬੰਧ ਕੇਂਦਰੀ ਸਭਿਆਚਾਰਕ ਮੰਤਰਾਲੇ ਨਾਲ ਹੈ? ਡਾ. ਬਲਬੀਰ ਸਿੰਘ ਨੇ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਪੀਲ ਕੀਤੀ ਕਿ ਉਹ ਬਾਦਲ ਪਰਿਵਾਰ ਦੇ ਗ਼ਲਬੇ ‘ਚ ਬਾਹਰ ਨਿਕਲ ਕੇ ਇਸ ਸਮੁੱਚੇ ਮਸਲੇ ਉੱਪਰ ਐਸਜੀਪੀਸੀ ਦਾ ਸਟੈਂਡ ਸਪਸ਼ਟ ਕਰਦੇ ਹੋਏ ਸੰਗਤ ਨੂੰ ਇਸ ਭੰਬਲਭੂਸੇ ਦੀ ਸਥਿਤੀ ਤੋਂ ਨਿਜਾਤ ਦਿਵਾਉਣ।