ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪਹਿਲਵਾਨਾਂ ਦੇ ਸਮਰਥਨ ’ਚ ਕਾਫ਼ਲੇ ਦਿੱਲੀ ਲਈ ਹੋਏ ਰਵਾਨਾ
ਭਲਕੇ 7 ਮਈ ਨੂੰ ਜੰਤਰ-ਮੰਤਰ ਦੇ ਧਰਨੇ ਵਿੱਚ ਗੂੰਜਣਗੀਆਂ ਪੰਜਾਬ ਦੀਆਂ ਮਾਈਆਂ
ਚੰਡੀਗੜ੍ਹ, 6 ਮਈ(ਵਿਸ਼ਵ ਵਾਰਤਾ)-ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਹੇਠ ਅੱਜ ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ’ਚ ਵੱਡੀ ਪੱਧਰ ’ਤੇ ਔਰਤਾਂ ਦਿੱਲੀ ਦੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਸਮਰਥਨ ਲਈ ਕਾਫ਼ਲਿਆਂ ਦੇ ਰੂਪ ਵਿੱਚ ਰਵਾਨਾ ਹੋਈਆਂ। ਇਨ੍ਹਾਂ ਔਰਤਾਂ ਦੇ ਨਾਲ ਕਿਸਾਨ ਆਗੂ ਵੀ ਜੰਤਰ-ਮੰਤਰ ਵਿਖੇ ਧਰਨੇ ਵਿੱਚ ਸ਼ਾਮਲ ਹੋਣ ਲਈ ਨਾਲ ਗਏ ਹਨ। ਜਥੇਬੰਦੀ ਵੱਲੋਂ ਮਾਨਸਾ ਤੋਂ ਇਲਾਵਾ ਬਰਨਾਲਾ,ਸੰਗਰੂਰ,ਬਠਿੰਡਾ ਅਤੇ ਪਟਿਆਲਾ ਤੋਂ ਇਹ ਜਥੇ ਅੱਜ ਰਵਾਨਾ ਹੋਏ ਹਨ।

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਹ ਕਾਫ਼ਲੇ ਹਰਿਆਣਾ ਵਿੱਚ ਜੀਂਦ ਵਿਖੇ ਜਾਕੇ ਰੁੱਕਣਗੇ ਅਤੇ ਉਥੋਂ ਦਿਨ ਚੜ੍ਹਦੇ ਨਾਲ ਦਿੱਲੀ ਲਈ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਸੈਂਕੜੇ ਔਰਤਾਂ ਦਾ ਜੱਥਾ ਹਰਿੰਦਰ ਕੌਰ ਬਿੰਦੂ,ਕੁਲਦੀਪ ਕੌਰ ਕੁੱਸਾ, ਕਮਲਦੀਪ ਕੌਰ ਬਰਨਾਲਾ ਅਤੇ ਅਮਨਦੀਪ ਕੌਰ ਬਾਰਨ ਆਗੂਆਂ ਦੀ ਅਗਵਾਈ ਹੇਠ ਰਵਾਨਾ ਹੋਏ ਹਨ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਤੋਂ ਬਾਅਦ ਪੰਜਾਬ,ਹਰਿਆਣਾ ਅਤੇ ਉੱਤਰਾਖੰਡ ਵਿੱਚ 11,12 ਅਤੇ 13 ਮਈ ਨੂੰ ਥਾਂ-ਥਾਂ ਔਰਤਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਮੰਗ ਕੀਤੀ ਜਾਵੇਗੀ ਕਿ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਨ ਸ਼ਰਨ ਸਿੰਘ ਤੋਂ ਅਸਤੀਫਾ ਲੈਕੇ ਤੁਰੰਤ ਗਿ੍ਰਫ਼ਤਾਰ ਕੀਤਾ ਜਾਵੇ।























