
• ਥਰਮਲ ਦੀ ਸੁਆਹ ਨੇ ਖੋਲਿਆ ਕਮਾਈ ਦਾ ਰਾਹ
ਚੰਡੀਗੜ, 1 ਜੂਨ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਨਿਵੇਕਲਾ ਹੰਭਲਾ ਮਾਰਦਿਆਂ ਰਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਆਪਣੇ ਅਹਿਦ ਨੂੰ ਨੇਪਰੇ ਚਾੜਨ ਦੀ ਦਿਸ਼ਾ ਵਿੱਚ ਵੱਡਾ ਕਦਮ ਪੁੱਟਿਆ ਹੈ।
ਪੰਜਾਬ ਰਾਜ ਵਿੱਚ ਬਿਜਲੀ ਦੀ ਪੈਦਾਵਾਰ ਲਈ ਵੱਡੇ ਪੱਧਰ ਉਤੇ ਥਰਮਲ ਪਾਵਰ ਪ੍ਰਾਜੈਕਟ ਸਥਾਪਤ ਕੀਤੇ ਗਏ ਸਨ, ਜਿਨਾਂ ਤੋਂ ਪੈਦਾ ਹੋਈ ਬਿਜਲੀ ਨੇ ਨਾ ਸਿਰਫ਼ ਰਾਜ ਦੇ ਘਰਾਂ ਨੂੰ ਰੁਸ਼ਨਾਇਆ, ਸਗੋਂ ਖੇਤਾਂ ਵਿੱਚ ਵੀ ਬਹਾਰ ਲਿਆਂਦੀ। ਇਨ•ਾਂ ਥਰਮਲ ਪਲਾਂਟਾਂ ਨਾਲ ਜਿੱਥੇ ਰਾਜ ਨੂੰ ਵੱਡੇ ਪੱਧਰ ਉਤੇ ਲਾਭ ਹੋਇਆ, ਉਥੇ ਇਨ•ਾਂ ਪਲਾਂਟਾਂ ਤੋਂ ਬਣੀ ਪੌਂਡ ਐਸ਼ (ਸੁਆਹ) ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ। ਇਹ ਸੁਆਹ ਜਿੱਥੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਵਧਾ ਰਹੀ ਸੀ, ਉਥੇ ਇਸ ਸੁਆਹ ਨੂੰ ਸਟੋਰ ਕਰਨ ਲਈ ਵੀ ਵੱਡੀ ਪੱਧਰ ਉਤੇ ਜ਼ਮੀਨ ਦੀ ਲੋੜ ਸੀ। ਜਿਸ ਨਾਲ ਰਾਜ ਨੂੰ ਦੋਹਰੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।
ਹੁਣ ਸਰਕਾਰ ਨੇ ਨਾ ਸਿਰਫ਼ ਇਸ ਸੁਆਹ ਦੇ ਨਿਬੇੜੇ ਨਾਲ ਪ੍ਰਦੂਸ਼ਣ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ ਹੈ, ਸਗੋਂ ਇਸ ਤੋਂ ਕਮਾਈ ਦਾ ਵੀ ਰਾਹ ਲੱਭਿਆ ਗਿਆ ਹੈ। ਇਸ ਤਹਿਤ ਥਰਮਲ ਪਲਾਂਟਾਂ ਦੀ ਸੁਆਹ ਤੋਂ ਇੱਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਸੁਆਹ ਭੱਠਿਆਂ ਵਾਲਿਆਂ ਨੂੰ ਮਹਿੰਗੇ ਮੁੱਲ ਉਤੇ ਵੇਚੀ ਜਾ ਰਹੀ ਹੈ, ਜਿਸ ਨਾਲ ਜਿੱਥੇ ਇਕ ਪਾਸੇ ਕਮਾਈ ਦਾ ਸਾਧਨ ਬਣਿਆ ਹੈ, ਉਥੇ ਨਾਲ ਹੀ ਰਾਜ ਦੀ ਕੀਮਤੀ ਮਿੱਟੀ ਦੀ ਵੀ ਬੱਚਤ ਹੋ ਰਹੀ ਹੈ, ਜਿਸ ਨੂੰ ਪਹਿਲਾਂ ਇੱਟਾਂ ਬਣਾਉਣ ਲਈ ਵਰਤਿਆ ਜਾਂਦਾ ਸੀ। ਇੱਟਾਂ ਬਣਾਉਣ ਲਈ ਇਹ ਸੁਆਹ 15 ਤੋਂ 20 ਫੀਸਦੀ ਵਰਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਦੇਸ਼ ਵਿਚਲੇ ਥਰਮਲ ਪਲਾਂਟ ਹਰ ਸਾਲ 1500 ਤੋਂ 1700 ਲੱਖ ਟਨ ਪੌਂਡ ਐਸ਼ ਪੈਦਾ ਕਰ ਰਹੇ ਹਨ, ਜਿਸ ਦੇ ਨਿਬੇੜੇ ਦੀ ਸਮੱਸਿਆ ਸੀ। ਬਿਜਲੀ ਦੀ ਮੰਗ ਵਧਣ ਨਾਲ ਥਰਮਲ ਪਲਾਂਟਾਂ ਦੀ ਗਿਣਤੀ ਵੀ ਧੜਾਧੜ ਵਧ ਰਹੀ ਹੈ, ਜੋ ਪੌਂਡ ਐਸ਼ ਵਧਣ ਦਾ ਕਾਰਨ ਬਣ ਰਹੀ ਹੈ। ਹੁਣ ਇਸ ਪੌਂਡ ਐਸ਼ ਦੇ ਖ਼ਾਤਮੇ ਦੇ ਨਾਲ ਨਾਲ ਸਰਕਾਰ ਨੇ ਇਸ ਤੋਂ ਕਮਾਈ ਦਾ ਨਵਾਂ ਢੰਗ ਲੱਭਿਆ ਹੈ। ਇਸ ਨਾਲ ਜਿੱਥੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ, ਉਥੇ ਪੌਂਡ ਐਸ਼ ਹੇਠਲੀ ਜ਼ਮੀਨ ਵੀ ਵਿਹਲੀ ਹੋਵੇਗੀ।
ਇਸ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਪੌਂਡ ਐਸ਼ ਦੇ ਨਿਬੇੜੇ ਜਾਂ ਵਰਤੋਂ ਲਈ ਪੌਂਡ ਐਸ਼ ਦੀ ਲੋੜ ਹੈ, ਉਹ ਬੋਰਡ ਤੋਂ ਇਸ ਬਾਬਤ ਮਦਦ ਲੈ ਸਕਦਾ ਹੈ।























