ਜੰਤਰ-ਮੰਤਰ ‘ਤੇ ਪਹਿਲਵਾਨਾਂ ਤੇ ਪੁਲਿਸ ਵਿਚਾਲੇ ਝੜਪ
WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ 11 ਦਿਨਾਂ ਤੋਂ ਧਰਨੇ ਤੇ ਬੈਠੇ ਹਨ ਪਹਿਲਵਾਨ
ਚੰਡੀਗੜ੍ਹ,4ਮਈ(ਵਿਸ਼ਵ ਵਾਰਤਾ)-ਬੁੱਧਵਾਰ ਦੇਰ ਰਾਤ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪਹਿਲਵਾਨਾਂ ਦਾ ਦੋਸ਼ ਹੈ ਕਿ ਨਸ਼ੇ ‘ਚ ਪੁਲਿਸ ਵਾਲਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਵੀ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾ ਸੋਮਨਾਥ ਭਾਰਤੀ ਬੈੱਡ ਲੈ ਕੇ ਧਰਨੇ ਵਾਲੀ ਥਾਂ ‘ਤੇ ਪਹੁੰਚੇ, ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਝਗੜਾ ਸ਼ੁਰੂ ਹੋ ਗਿਆ। ਪੁਲਿਸ ਨੇ ਸੋਮਨਾਥ ਭਾਰਤੀ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪੁਲਿਸ ਅਤੇ ਪਹਿਲਵਾਨਾਂ ਦੀ ਝੜਪ ਦੌਰਾਨ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਭਰਾ ਦੁਸ਼ਯੰਤ ਦੇ ਸਿਰ ‘ਤੇ ਸੱਟ ਲੱਗ ਗਈ। ਇਕ ਹੋਰ ਪਹਿਲਵਾਨ ਰਾਹੁਲ ਵੀ ਜ਼ਖਮੀ ਹੈ। ਹੰਗਾਮੇ ਤੋਂ ਕੁਝ ਦੇਰ ਬਾਅਦ ਪਹਿਲਵਾਨਾਂ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ। ਇਸ ਦੌਰਾਨ ਵਿਨੇਸ਼ ਅਤੇ ਸਾਕਸ਼ੀ ਰੋਣ ਲੱਗ ਪਏ, ਉਨ੍ਹਾਂ ਕਿਹਾ ਕਿ ਉਹ ਅੱਜ ਦੇ ਦਿਨ ਦੇਸ਼ ਲਈ ਤਗਮੇ ਲੈ ਕੇ ਆਏ ਹਨ। ਜ਼ਿਕਰਯੋਗ ਹੈ ਕਿ ਇਹ ਪਹਿਲਵਾਨ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ 11 ਦਿਨਾਂ ਤੋਂ ਧਰਨੇ ‘ਤੇ ਹਨ। ਇਸ ਮਾਮਲੇ ‘ਤੇ ਅੱਜ ਸੁਪਰੀਮ ਕੋਰਟ ‘ਚ ਵੀ ਸੁਣਵਾਈ ਹੋਣੀ ਹੈ।
ਬਜਰੰਗ ਪੂਨੀਆ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।