ਮਹਿੰਗਾਈ ਦੇ ਵਿਰੋਧ ਵਿਚ ਕਾਂਗਰਸੀ ਕੇਂਦਰ ਸਰਕਾਰ ਖਿਲਾਫ ਉਤਰੇ ਮੈਦਾਨ ਵਿਚ 

Advertisement


ਡੀ.ਸੀ. ਨੂੰ ਦਿੱਤਾ ਮੰਗ ਪੱਤਰ, ਮੋਦੀ ਦੀ ਫੂਕੀ ਅਰਥੀ
ਮਾਨਸਾ, 31 ਮਈ (ਵਿਸ਼ਵ ਵਾਰਤਾ)-ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਅੱਜ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੀ ਅਗਵਾਈ ਹੇਠ ਦੇਸ਼ ਵਿਚ ਲਗਾਤਾਰ ਵੱਧ ਰਹੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਸਮੇਤ ਵਧੀ ਹੋਈ ਮਹਿੰਗਾਈ ਦੇ ਖਿਲਾਫ ਮਾਨਸਾ ਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਕਾਂਗਰਸੀਆਂ ਨੇ ਦੋਸ਼ ਲਾਇਆ ਕਿ ਮਹਿੰਗਾਈ ਨੇ ਪੂਰੇ ਮੁਲਕ ਨੂੰ ਮਾਰ ਸੁੱਟਿਆ ਹੈ। ਇਕੱਠੇ ਹੋਏ ਕਾਂਗਰਸੀਆਂ ਨੇ ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜੀ ਗਈ।
ਇਸ ਤੋਂ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਜਦੋਂ ਸਾਰੀ ਦੁਨੀਆਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਥੱਲੇ ਆ ਰਹੀਆਂ ਹਨ ਤਾਂ ਭਾਰਤ ਵਰਗੇ ਮੁਲਕ ਵਿਚ ਇਨ੍ਹਾਂ ਕੀਮਤਾਂ ਨੂੰ ਲਗਾਤਾਰ ਉਪਰ ਲਿਜਾਇਆ ਜਾ ਰਿਹਾ ਹੈ, ਜਿਸ ਦਾ ਬੋਝ ਹਰ ਵਰਗ ਉਤੇ ਪੈਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਦੀ ਵਰਤੋਂ ਕਿਸਾਨਾਂ ਵੱਲੋਂ ਸਭ ਤੋਂ ਵੱਧ ਕੀਤੀ ਜਾ ਰਹੀ ਹੈ, ਜਿਸ ਕਾਰਨ ਪਹਿਲਾਂ ਤੋਂ ਨਪੀੜਿਆ ਪਿਆ ਕਿਸਾਨ ਹੋਰ ਕਰਜਈ ਹੋਣ ਲੱਗਿਆ ਹੈ, ਜਦੋਂ ਕਿ ਆਵਾਜਾਈ ਦੇ ਸਾਧਨਾਂ ਲਈ ਟਰੱਕਾਂ ਅਤੇ ਬੱਸਾਂ ਵਾਸਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਸਭ ਤੋਂ ਵੱਧ ਮਾਰੂ ਅਸਰ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇਲ ਦੀਆਂ ਕੀਮਤਾਂ ਘਟਾਉਣ ਲਈ ਕਦੇ ਵੀ ਗੰਭੀਰ ਨਹੀਂ ਹੋਏ ਹਨ। ਸ੍ਰੀ ਮੋਫਰ ਨੇ ਕਿਹਾ ਕਿ ਇਕੱਲੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੇ ਹੀ ਪੂਰੇ ਦੇਸ਼ ਵਿਚ ਮਹਿੰਗਾਈ ਨੂੰ ਵਧਾਇਆ ਗਿਆ ਹੈ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਅੱਜ ਜਦੋਂ ਪੂਰੇ ਦੇਸ਼ ਵਿਚ ਮਹਿੰਗਾਈ ਦੀ ਮਾਰ ਸਹਿ ਰਹੇ ਲੋਕ ਵਾਰ—ਵਾਰ ਪ੍ਰਧਾਨ ਮੰਤਰੀ ਨੂੰ ਕੋਸ ਰਹੇ ਹਨ ਤਾਂ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਧਿਰਾਂ ਸਮੇਤ ਕੇਂਦਰ ਸਰਕਾਰ ਉਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੁੰਦੀ ਹੈ, ਪਰ ਪ੍ਰਧਾਨ ਮੰਤਰੀ ਦੇਸ਼ ਵਿਚ ਟਿਕਣ ਦੀ ਥਾਂ ਵਿਦੇਸ਼ ਹੀ ਤੁਰੇ ਰਹਿੰਦੇ ਹਨ, ਜਿਸ ਕਰਕੇ ਮਹਿੰਗਾਈ ਮੁਲਕ ਵਿਚ ਛੜੱਪੇ ਮਾਰਕੇ ਵੱਧ ਗਈ ਹੈ।
ਇਸ ਮੌਕੇ ਗੁਰਪ੍ਰੀਤ ਕੌਰ ਗਾਗੋਵਾਲ, ਮਾਇਕਲ ਸਿੰਘ ਗਾਗੋਵਾਲ, ਡਾ. ਮਨੋਜ਼ ਬਾਲਾ, ਰਣਜੀਤ ਕੌਰ ਭੱਟੀ, ਬਲਵਿੰਦਰ ਨਾਰੰਗ, ਸੁਖਦਰਸ਼ਨ ਖਾਰਾ, ਅਮਰੀਕ ਢਿੱਲੋ, ਸੱਤਪਾਲ ਵਰਮਾ, ਬੰਤ ਸਿੰਘ ਕੋਰ ਵਾਲਾ ਨੇ ਵੀ ਸੰਬੋਧਨ ਕੀਤਾ।

ਫੋਟੋ ਕੈਪਸ਼ਨ: ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਮਹਿੰਗਾਈ ਦੇ ਵਿਰੋਧ ਵਿਚ ਮੰਗ ਪੱਤਰ ਦਿੰਦੇ ਜ਼ਿਲ੍ਹੇ ਦੇ ਸੀਨੀਅਰ ਕਾਂਗਰਸੀ ਆਗੂ।