ਦੋ ਮਹਿਲਾ ਦੀ ਜੇਲ੍ਹ ਅੰਦਰ ਹੋਈ ਝੜਪ
ਫਿਰੋਜ਼ਪੁਰ, 1 ਮਾਰਚ (ਵਿਸ਼ਵ ਵਾਰਤਾ) ਜੇਲ੍ਹ ਅੰਦਰ ਲੜਾਈ-ਝਗੜੇ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਇਸੇ ਤਰ੍ਹਾਂ ਇੱਕ ਵਾਰ ਫਿਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਮਹਿਲਾ ਕੈਦੀ ਅਤੇ ਮਹਿਲਾ ਹਵਾਲਾਤੀ ਵਿਚਕਾਰ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਨੂੰ ਜੇਲ੍ਹ ਦੇ ਅੰਦਰ ਝੜਪ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਇਲਾਜ ਅਧੀਨ ਦੱਸਿਆ ਗਿਆ ਹੈ। ਜਦੋਂ ਕਿ ਇਕ ਹਵਾਲਾਤੀ ਪਾਲੋ ਨੇ ਮਹਿਲਾ ਡਿਪਟੀ ਸੁਪਰਡੈਂਟ ‘ਤੇ ਨਸ਼ਾ ਸਪਲਾਈ ਕਰਾਉਣ ਦੇ ਦੋਸ਼ ਲਾਏ ਹਨ। ਜੇਲ੍ਹ ਮਹਿਲਾ ਸੁਪਰਡੈਂਟ ਸੁਸ਼ਮਾ ਨੇ ਹੀ ਪਾਲੋ ਨੂੰ ਅੰਦਰ ਦੀ ਖ਼ਬਰ ਦੇਣ ਲਈ ਕਿਹਾ ਸੀ। ਪਿਛਲੇ ਸਮੇਂ ਦੌਰਾਨ ਫਿਰੋਜ਼ਪੁਰ ਜੇਲ੍ਹ ਮੋਬਾਈਲ, ਨਸ਼ੀਲੇ ਪਦਾਰਥ, ਜ਼ਰਦਾ ਆਦਿ ਸਮੇਤ ਕਈ ਪਾਬੰਦੀਸ਼ੁਦਾ ਵਸਤੂਆਂ ਦੀ ਬਰਾਮਦਗੀ ਨੂੰ ਲੈਕੇ ਸੁਰਖੀਆਂ ਵਿੱਚ ਰਹੀ ਹੈ, ਇੱਥੋਂ ਤੱਕ ਕਿ ਪੈਰੋਲ ’ਤੇ ਆਏ ਇੱਕ ਕੈਦੀ ਨੇ ਵੀ ਭਾਰੀ ਰਕਮ ਵਸੂਲ ਕੇ ਕੋਈ ਵਸਤੂ ਮਿਲਣ ਦੀ ਪੁਸ਼ਟੀ ਕੀਤੀ ਸੀ। ਪਾਲੋ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਜੇਲ੍ਹ ਅੰਦਰ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਬਾਰੇ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ। ਇਸੇ ਤਰ੍ਹਾਂ ਅੱਜ ਜਦੋਂ ਪਾਲੋ ਨੇ ਮਹਿਲਾ ਡਿਪਟੀ ਸੁਪਰਡੈਂਟ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਤਾਂ ਜੇਲ੍ਹ ਵਿੱਚ ਪਾਲੋ ਤੇ 10 ਦੇ ਕਰੀਬ ਮਹਿਲਾਵਾਂ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਉਸ ਨੂੰ ਅੰਦਰੂਨੀ ਸੱਟਾਂ ਲੱਗੀਆਂ ਅਤੇ ਉਸ ਦੇ ਕੰਨ ’ਤੇ ਵੀ ਸੱਟ ਲੱਗੀ। ਪਾਲੋ ਨੇ ਪੁਸ਼ਟੀ ਕੀਤੀ ਹੈ ਕਿ ਜੇਲ੍ਹ ਅੰਦਰ ਨਸ਼ੀਲੀਆਂ ਗੋਲੀਆਂ ਅਤੇ ਹੋਰ ਨਸ਼ੀਲੇ ਪਦਾਰਥ ਵੇਚੇ ਜਾ ਰਹੇ ਹਨ। ਨਾਲ ਹੀ ਜਦੋਂ ਦੂਸਰੀ ਮਹਿਲਾ ਕੈਦੀ ਸੁਮਿੱਤਰਾ ਰਾਣੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਾਲੋ ਉਸ ਦੀ ਸੋਨੇ ਦੀ ਬਾਲੀ ਖੋਹ ਕੇ ਲੈ ਗਈ ਹੈ, ਜਿਸ ਕਾਰਨ ਉਸ ਦਾ ਕੰਨ ਫਟ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੋਵਾਂ ਧਿਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਦੋ ਮਹਿਲਾ ਕੈਦੀਆਂ ਵਿਚਕਾਰ ਹੋਏ ਝਗੜੇ ਦੇ ਪਿੱਛੇ ਦੀ ਅਸਲ ਸਥਿਤੀ ਬਾਰੇ ਜਾਣਨ ਲਈ ਜਦੋਂ ਮਹਿਲਾ ਸੁਪਰੀਡੈਂਟ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨਾ ਤਾਂ ਜੇਲ੍ਹ ਸੁਪਰਡੈਂਟ ਨੇ ਅਤੇ ਨਾ ਹੀ ਡਿਪਟੀ ਸੁਪਰਡੈਂਟ ਨੇ ਫੋਨ ਚੁੱਕਿਆ।