ਮਾਨਸਾ(ਵਿਸ਼ਵ ਵਾਰਤਾ): ਮਾਨਸਾ ਕੈਂਚੀਆਂ ਚੌਂਕ ਵਿਚ ਗੱਡੀ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਨੌਜਵਾਨ ਕਾਂਗਰਸੀ ਨੇਤਾ ਦੀ ਅੱਜ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਤੇ ਅਜੇ ਤੱਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਦੀ ਪਛਾਣ ਮਾਨਸਾ ਜ਼ਿਲੇ ਦੇ ਪਿੰਡ ਜਟਾਣਾ ਕਲਾਂ ਦੇ ਵਾਸੀ ਸੁਖਵਿੰਦਰ ਸਿੰਘ(35) ਵੱਜੋਂ ਹੋਈ ਹੈ। ਪੁਲਿਸ ਵਲੋਂ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਤਲ ਦਾ ਕਾਰਨ ਪੁਰਾਣੀ ਰੰਜ਼ਿਸ ਮੰਨਆ ਜਾ ਰਿਹਾ ਹੈ। ਮ੍ਰਿਤਕ ਨੇਤਾ ਦੀ ਲਾਸ਼ ਸਿਵਲ ਹਸਪਤਾਲ ਮਾਨਸਾ ਵਿਚ ਰਖਵਾ ਦਿੱਤੀ ਗਈ ਹੈ।
ਸੁਖਵਿੰਦਰ ਸਿੰਘ ਕਰੀਬ ਚਾਰ ਵਜੇ ਸ਼ਾਮ ਨੂੰ ਗੱਡੀ ਵਿਚ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਕਿਸੇ ਕੰਮ ਲਈ ਮਾਨਸਾ ਕੈਂਚੀਆਂ ਤੇ ਗੱਡੀ ਰੋਕ ਕੇ ਉਤਰਿਆ ਤਾਂ ਉਸਦੇ ਪਿੱਛੇ ਗੱਡੀ ਵਿਚ ਆਉਂਦੇ ਕੁੱਝ ਵਿਅਕਤੀਆਂ ਨੇ ਗੱਡੀ ਵਿਚੋਂ ਉਤਰ ਕੇ ਉਸ ਤੇ ਛੇ ਗੋਲੀਆਂ ਦਾਗ ਦਿੱਤੀਆਂ,ਜੋ ਉਸਦੇ ਸਿਰ,ਲੱਤ ਤੇ ਸਰੀਰ ਤੇ ਲੱਗੀਆਂ। ਮੌਕੇ ਤੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਘਟਨਾ ਸਥਾਨ ਤੇ ਪੁੱਜੀ।
ਪੁਲਿਸ ਨੇ ਸ਼ਹਿਰ ਦੀ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਤੇ ਇਸ ਦੀ ਰਿਪੋਰਟ ਸਾਰੇ ਥਾਣਿਆਂ ਨੂੰ ਦੇ ਦਿੱਤੀ। ਮ੍ਰਿਤਕ ਵਿਅਕਤੀ ਸੁਖਵਿੰਦਰ ਸਿੰਘ ਕੁੱਝ ਸਮਾਂ ਪਹਿਲਾਂ ਹੀ ਜ਼ੇਲ ਵਿਚ ਬਾਹਰ ਆਇਆ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।