ਡੀ ਸੀ ਰੰਧਾਵਾ ਨੇ ਲਗਾਤਾਰ ਦੂਸਰੇ ਦਿਨ ਸ਼ੂਗਰ ਮਿੱਲ ਪਾਵਰ ਪਲਾਂਟ ਦਾ ਕੀਤਾ ਦੌਰਾ
ਨਵਾਂਸ਼ਹਿਰ, 16 ਫਰਵਰੀ(ਵਿਸ਼ਵ ਵਾਰਤਾ)- ਨਵਾਂਸ਼ਹਿਰ ਵਿਖੇ ਸ਼ੂਗਰ ਮਿੱਲ ਕੰਪਲੈਕਸ ’ਚ ਕੰਮ ਕਰ ਰਹੇ ਜੈਵਿਕ ਬਾਲਣ ਅਧਾਰਿਤ ਬਿਜਲੀ ਪਲਾਂਟ ਤੋਂ ਸੁਆਹ ਨਿਕਲਣ ਦੇ ਮੁੱਦੇ ਨੂੰ ਪੱਕੇ ਤੌਰ ’ਤੇ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਲਗਾਤਾਰ ਦੂਸਰੇ ਦਿਨ ਪਲਾਂਟ ਵਾਲੀ ਥਾਂ ਦਾ ਦੌਰਾ ਕਰਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।
ਸੁਆਹ ਦੀ ਸਮੱਸਿਆ ਨੂੰ ਰੋਕਣ ਲਈ ‘ਵੈੱਟ ਸਕ੍ਰਬਰ’ ਦੀ ਸਥਾਪਨਾ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਪਾਵਰ ਪਲਾਂਟ ਪ੍ਰਬੰਧਕਾਂ ਨੂੰ ਪ੍ਰਦੂਸ਼ਣ ਰੋਕਥਾਮ ਉਪਾਅ ਯੰਤਰ ਸਮਾਂਬੱਧ ਢੰਗ ਨਾਲ ਲਗਾ ਕੇ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਮਿੱਲ ਦੇ ਅਹਾਤੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰੰਧਾਵਾ ਨੇ ਕਿਹਾ ਕਿ ਜਿਸ ਨੀਂਹ ਸਤੰਭ ’ਤੇ ਗਿੱਲਾ ਸਕ੍ਰਬਰ ਰੱਖਿਆ ਜਾਣਾ ਹੈ, ਉਹ ਤਿਆਰ ਹੈ ਪਰ ਪੂਨੇ ਤੋਂ ‘ਵੈੱਟ ਸਕ੍ਰਬਰ’ ਦੀ ਢੋਆ-ਢੁਆਈ ਵਿੱਚ ਦੇਰੀ ਹੋਣ ਕਾਰਨ ਸਥਾਪਤੀ ਪ੍ਰਕਿਰਿਆ ਵਿੱਚ ਕੁਝ ਦਿਨ ਦਾ ਸਮਾਂ ਹੋਰ ਲੱਗ ਸਕਦਾ ਹੈ। ਡਿਪਟੀ ਕਮਿਸ਼ਨਰ ਜੋ ਕਿ ਏ.ਡੀ.ਸੀ.(ਜ) ਰਾਜੀਵ ਵਰਮਾ ਅਤੇ ਐਸ.ਡੀ.ਐਮ. ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਸਮੇਤ ਮੌਕੇ ’ਤੇ ਚੱਲ ਰਹੇ ਕੰਮ ਦੀ ਪ੍ਰਗਤੀ ਜਾਂਚਣ ਪੁੱਜੇ ਸਨ, ਨੇ ਅੱਗੇ ਦੱਸਿਆ ਕਿ ਪਹਿਲਾਂ 18 ਫਰਵਰੀ ਦੀ ਸਮਾਂ-ਸੀਮਾ ਤੈਅ ਕੀਤੀ ਗਈ ਸੀ ਪਰ ਮੁੱਖ ਕੰਪੋਨੈਂਟ, ‘ਵੈੱਟ ਸਕ੍ਰਬਰ’ ਦੀ ਢੋਆ-ਢੋਆਈ ਵਿੱਚ ਦੇਰੀ ਹੋਣ ਕਾਰਨ ਇਸ ਕੰਮ ਨੂੰ ਪੂਰਾ ਕਰਨ ਡੇਢ ਹਫ਼ਤਾ ਹੋਰ ਲੱਗ ਸਕਦਾ ਹੈ।
ਨਵਾਂਸ਼ਹਿਰ ਵਾਸੀਆਂ ਨੂੰ ਥੋੜ੍ਹਾ ਸਮਾਂ ਹੋਰ ਹੌਂਸਲਾ ਰੱਖਣ ਦੀ ਅਪੀਲ ਕਰਦੇ ਹੋਏ ਐਨ.ਪੀ.ਐਸ ਰੰਧਾਵਾ ਨੇ ਕਿਹਾ ਕਿ ਪ੍ਰਸ਼ਾਸਨ ਸੁਆਹ ਕਾਰਨ ਹੋਣ ਵਾਲੇ ਸਿਹਤ ਖ਼ਤਰਿਆਂ ਪ੍ਰਤੀ ਵਧੇਰੇ ਚਿੰਤਤ ਹੈ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਹੁਣ ਸਿਰੇ ਲੱਗਿਆ ਹੋਇਆ ਹੈ।
ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਬਸ ਕੁੱਝ ਦਿਨਾਂ ਬਾਅਦ ਇਸ ਮੁਸ਼ਕਿਲ ਤੋਂ ਪੱਕੇ ਤੌਰ ’ਤੇ ਛੁਟਕਾਰਾ ਮਿਲ ਜਾਵੇਗਾ, ਇਸ ਗੱਲ ਦਾ ਉਹ ਪੂਰਾ ਭਰੋਸਾ ਦਿਵਾਉਂਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੀ.ਐਮ ਸ਼ੂਗਰ ਮਿੱਲ ਸੁਰਿੰਦਰ ਪਾਲ, ਪਾਵਰ ਪਲਾਂਟ ਦੇ ਅਧਿਕਾਰੀ ਐਸ.ਬੰਧੋਪਾਧਿਆਏ ਅਤੇ ਸ਼ੂਗਰ ਮਿੱਲ ਦੇ ਡਾਇਰੈਕਟਰ ਵੀ ਹਾਜ਼ਰ ਸਨ।