ਬੀਕੇਯੂ ਏਕਤਾ ਡਕੌਂਦਾ ਦੀ ਜਨਰਲ ਕੌਂਸਲ ਅੱਜ ਬਠਿੰਡਾ ਵਿਖੇ
ਚੰਡੀਗੜ੍ਹ,14ਫਰਵਰੀ(ਵਿਸ਼ਵ ਵਾਰਤਾ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਪੱਧਰੀ ਜਨਰਲ ਕੌਂਸਲ ਅੱਜ (14 ਫਰਵਰੀ ਨੂੰ) ਗੁਰਦੁਆਰਾ ਸਾਹਿਬ ਹਾਜੀ ਰਤਨ ਬਠਿੰਡਾ ਵਿਖੇ ਹੋਣ ਜਾ ਰਹੀ ਹੈ। ਇਸ ਸੂਬਾਈ ਜਨਰਲ ਕੌਂਸਲ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸਮੁੱਚੇ ਪੰਜਾਬ ਵਿੱਚੋਂ ਜਨਰਲ ਕੌਂਸਲ ਮੈਂਬਰਾਂ ਵਿੱਚ ਸ਼ਾਮਿਲ ਹੋਣ ਲਈ ਬਹੁਤ ਉਤਸ਼ਾਹ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਬਲਵੰਤ ਸਿੰਘ ਉੱਪਲੀ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਹੁਣ ਤੱਕ ਪਹਿਲੇ ਗੇੜ ਦੀਆਂ ਜ਼ਿਲ੍ਹਾ ਪੱਧਰੀਆਂ ਮੀਟਿੰਗਾਂ ਦਾ ਦੌਰ ਮੁਕੰਮਲ ਹੋ ਗਿਆ ਹੈ। ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੀਟਿੰਗਾਂ ਵਿੱਚ ਜਥੇਬੰਦੀ ਦੇ ਸੰਵਿਧਾਨ, ਐਲਾਨਨਾਮੇ, ਜਥੇਬੰਦਕ ਮਰਿਆਦਾ ਤੋਂ ਆਗੂਆਂ ਵਰਕਰਾਂ ਨੂੰ ਵਿਸਥਾਰ ਵਿੱਚ ਜਾਣੂ ਕਰਵਾਇਆ। 2007 ਵਿੱਚ ਜਥੇਬੰਦੀ ਦੇ ਫਤਿਹਗੜ੍ਹ ਸਾਹਿਬ ਵਿਖੇ ਹੋਏ ਸੂਬਾ ਇਜਲਾਸ ਵਿੱਚ ਤਹਿ ਕੀਤੀ ਕਾਰਜਵਿਉਂਤ ਸਮਝਦਾਰੀ ਦੀ ਵਿਸਥਾਰ ਵਿੱਚ ਵਿਆਖਿਆ ਕੀਤੀ। ਆਗੂਆਂ ਕਿਹਾ ਕਿ ਅਸੀਂ ਕਿਸਾਨੀ ਸੰਕਟ ਦੇ ਅਸਲ ਕਾਰਨ ਅਤੇ ਇਸ ਦੇ ਜ਼ਿੰਮੇਵਾਰ ਤਾਕਤਾਂ ਦੀ ਸਪਸ਼ਟ ਨਿਸ਼ਾਨਦੇਹੀ ਕਰਦਿਆਂ ਤਹਿ ਕੀਤਾ ਸੀ ਕਿ 1990-91 ਤੋਂ ਲਾਗੂ ਕੀਤੀਆਂ ਨੀਤੀਆਂ ਨੂੰ 2014 ਵਿੱਚ ਮੋਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ ਹੈ। ਅਸੀਂ ਕਿਸੇ ਇੱਕ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਸਗੋਂ ਸਮੇਂ ਸਮੇਂ ਦੀਆਂ ਸੱਭੇ ਸਰਕਾਰਾਂ ਨੂੰ ਜ਼ਿੰਮੇਂਵਾਰ ਟਿੱਕਿਆ ਸੀ। 2020 ਵਿੱਚ ਖੇਤੀ ਬਾੜੀ ਕਾਨੂੰਨਾਂ ਵਿਰੋਧੀ ਤਿੰਨ ਕਾਨੂੰਨ ਵੱਡੇ ਕਾਰਪੋਰੇਟ ਘਰਾਣਿਆਂ ਕੋਲ ਖੇਤੀ ਸੱਭਿਆਚਾਰ ਨੂੰ ਵੇਚ ਦੇਣਾ ਉਸੇ ਕੜੀ ਦਾ ਜਾਰੀ ਰੂਪ ਸੀ। ਸਾਡੀ ਜਥੇਬੰਦੀ ਦੀ ਪਹਿਲਕਦਮੀ ਸਦਕਾ ਹੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੋਦੀ ਸਰਕਾਰ ਦੇ ਖ਼ਿਲਾਫ਼ ਪੰਜਾਬ ਤੋਂ ਸ਼ੁਰੂ ਹੋਇਆ ਸਾਂਝਾ ਸੰਘਰਸ਼ ਦਿੱਲੀ ਦੇ ਬਾਰਡਰਾਂ ਤੇ ਪਹੁੰਚਿਆ ਸੀ। ਲੱਖ ਮੁਸ਼ਕਿਲਾਂ ਦੇ ਬਾਵਜੂਦ ਇਹ ਇਤਿਹਾਸਕ ਕਿਸਾਨ ਜੇਤੂ ਘੋਲ 9 ਦਸੰਬਰ ਨੂੰ ਕੇਂਦਰੀ ਸਰਕਾਰ ਵੱਲੋਂ ਲਿਖਤੀ ਵਿਸ਼ਵਾਸ ਦੇਣ ਤੋਂ ਉਪਰੰਤ 11 ਦਸੰਬਰ 2021 ਨੂੰ ਦਿੱਲੀ ਦੇ ਬਾਰਡਰਾਂ ਤੋਂ ਸੰਘਰਸ਼ ਨੂੰ ਮੁਅੱਤਲ ਕਰਕੇ ਵਾਪਸ ਪੁੱਜਾ ਸੀ। ਆਗੂਆਂ ਨੇ ਕਿਹਾ ਕਿ ਇਸ ਘੋਲ ਦੌਰਾਨ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਦੇ ਗੁੱਟ ਵੱਲੋਂ ਕੇਂਦਰੀ ਸਰਕਾਰ ਦੀਆਂ ਏਜੰਸੀਆਂ ਅਤੇ ਮੰਤਰੀਆਂ ਨਾਲ ਮਿਲੀਭੁਗਤ ਕਰਕੇ ਗੱਲਬਾਤ ਕੀਤੀ, ਸਾਰੀਆਂ ਸੰਵਿਧਾਨਕ ਮਰਿਆਦਾਵਾਂ ਨੂੰ ਟਿੱਚ ਜਾਣਿਆ। ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਤੋਂ ਪਿੱਛੇ ਹਟ ਕੇ ਗੈਰ ਅਸੂਲੀ ਸਮਝੌਤਾ ਕਰਨ ਦੀ ਸਾਜ਼ਿਸ਼ ਰਚੀ। ਅਜਿਹਾ ਕਰਨ ਤੋਂ ਹੋਰਨਾਂ ਸੂਬਾਈ ਆਗੂਆਂ ਨੇ ਵਾਰ-ਵਾਰ ਰੋਕਿਆ। ਆਗੂਆਂ ਕਿਹਾ ਕਿ ਮੋਰਚਾ ਜਿੱਤ ਕੇ ਵਾਪਸ ਆਉਣ ਤੋਂ ਬਾਅਦ ਅਸੀਂ ਜਥੇਬੰਦਕ ਅਦਾਰਿਆਂ ਵਿੱਚ ਜ਼ੁਬਾਨੀ ਅਤੇ ਲਿਖਤੀ ਰੂਪ ਵਿੱਚ ਇਹ ਅਤਿ ਗੰਭੀਰ ਮਸਲੇ ਉੱਪਰ ਵਿਚਾਰ ਚਰਚਾ ਕਰਕੇ ਹੱਲ ਕਰਨ ਦੀ ਮੰਗ ਕੀਤੀ, ਪਰ ਸਾਡੀ ਗੱਲ ਬੂਟਾ ਸਿੰਘ ਬੁਰਜਗਿੱਲ ਦਾ ਗੁੱਟ ਅਣਗੌਲਿਆਂ ਹੀ ਨਹੀਂ ਕਰਦਾ ਰਿਹਾ ਸਗੋਂ ਜਥੇਬੰਦੀ ਦੇ ਅੰਦਰ ਸਵਾਲ ਉਠਾਉਣ ਵਾਲੇ ਆਗੂਆਂ ਨੂੰ ਗੈਰਸੰਵਿਧਾਨਕ, ਗੁੱਟ ਬੰਦਕ ਅਮਲ ਰਾਹੀਂ ਜਥੇਬੰਦੀ ਵਿੱਚੋਂ ਕੱਢਣ ਦਾ ਅਮਲ ਚਲਾਉਣ ਵਿੱਚ ਗਲਤਾਨ ਰਿਹਾ। ਇਸੇ ਕਰਕੇ ਹੁਣ ਇਸ ਗੁੱਟ ਦੇ ਗੈਰਸੰਵਿਧਾਨਕ, ਗੁੱਟ ਬੰਦਕ ਅਮਲ ਨੂੰ ਵਿਚਾਰਨ ਲਈ ਜਥੇਬੰਦੀ ਦਾ ਸੁਪਰੀਮ ਅਦਾਰਾ ਸੂਬਾ ਜਨਰਲ ਕੌਂਸਲ ਹੀ ਰਹਿ ਗਈ ਹੈ। ਸੰਵਿਧਾਨਕ ਤੌਰ ਤੇ ਜਦੋਂ ਲੀਡਰਸ਼ਿਪ ਅਦਾਰਿਆਂ ਵਿੱਚ ਅਜਿਹੇ ਅਮਲ ਦੀ ਪੜਚੋਲ ਕਰਨ ਤੋਂ ਭਗੌੜੀ ਹੋ ਜਾਵੇ ਤਾਂ ਜਥੇਬੰਦੀ ਦੇ ਸੰਵਿਧਾਨ ਅਤੇ ਐਲਾਨਨਾਮੇ ਦੀ ਰਾਖੀ ਕਰਨਾ ਸਾਡਾ ਫਰਜ਼ ਬਣ ਜਾਂਦਾ ਹੈ। ਅਜਿਹਾ ਕਰਨ ਲਈ ਸੰਵਿਧਾਨ ਬਕਾਇਦਾ ਇਜਾਜ਼ਤ ਦਿੰਦਾ ਹੈ।
ਆਗੂਆਂ ਨੇ ਦੱਸਿਆ ਕਿ 14 ਫਰਬਰੀ ਨੂੰ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਜਨਰਲ ਕੌਂਸਲ ਵਿੱਚ ਇਹ ਸਵਾਲ ਜਨਰਲ ਕੌਂਸਲ ਮੈਂਬਰਾਂ ਸਾਹਮਣੇ ਰੱਖੇ ਜਾਣਗੇ। ਕਿਸਾਨ ਆਗੂਆਂ ਨੇ ਸਮੁੱਚੇ ਪੰਜਾਬ ਦੇ ਜਨਰਲ ਕੌਂਸਲ ਮੈਂਬਰਾਂ ਨੂੰ ਇਸ ਜਨਰਲ ਕੌਂਸਲ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।























