ਅੰਡਰ-19 ਟੀ-20 ਵਿਸ਼ਵ ਕੱਪ
ਭਾਰਤੀ ਕੁੜੀਆਂ ਦੀ ਜੇਤੂ ਸ਼ੁਰੂਆਤ
ਪੜ੍ਹੋ ਦੱਖਣੀ ਅਫਰੀਕਾ ਨੂੰ ਕਿੰਨੀਆਂ ਵਿਕਟਾਂ ਨਾਲ ਹਰਾਇਆ ਤੇ ਕਦੋਂ ਹੋਵੇਗਾ ਦੂਜਾ ਮੁਕਾਬਲਾ
ਚੰਡੀਗੜ੍ਹ, 15ਜਨਵਰੀ(ਵਿਸ਼ਵ ਵਾਰਤਾ)- ਭਾਰਤੀ ਕੁੜੀਆਂ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ‘ਚ ਜੇਤੂ ਸ਼ੁਰੂਆਤ ਕੀਤੀ ਹੈ। ਭਾਰਤ ਨੇ ਗਰੁੱਪ-ਡੀ ਦੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਜਿੱਤ ਵਿੱਚ ਕਪਤਾਨ ਸ਼ੈਫਾਲੀ ਵਰਮਾ ਅਤੇ ਸ਼ਵੇਤਾ ਸਹਿਰਾਵਤ ਦਾ ਅਹਿਮ ਯੋਗਦਾਨ ਰਿਹਾ। ਭਾਰਤ ਤੋਂ ਇਲਾਵਾ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਯੂਏਈ ਨੇ ਵੀ ਪਹਿਲੇ ਦਿਨ ਆਪਣੇ ਮੈਚ ਜਿੱਤੇ। ਸ਼ਨੀਵਾਰ ਨੂੰ ਬੇਨੋਨੀ ਦੇ ਵਿਲੋਮੂਰ ਪਾਰਕ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 5 ਵਿਕਟਾਂ ‘ਤੇ 166 ਦੌੜਾਂ ਬਣਾਈਆਂ। ਭਾਰਤੀ ਕਪਤਾਨ ਸ਼ੈਫਾਲੀ ਵਰਮਾ ਨੇ 2 ਵਿਕਟਾਂ ਲਈਆਂ। ਜਦਕਿ ਸੋਨਮ ਯਾਦਵ ਅਤੇ ਪਾਰਸ਼ਵੀ ਚੋਪੜਾ ਨੂੰ ਇਕ-ਇਕ ਵਿਕਟ ਮਿਲੀ। ਇਸਦੇ ਜਵਾਬ ‘ਚ ਭਾਰਤੀ ਟੀਮ ਨੇ 16.3 ਓਵਰਾਂ ‘ਚ 3 ਵਿਕਟਾਂ ‘ਤੇ 170 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸ਼ਵੇਤਾ ਸਹਿਰਾਵਤ ਨੇ 92 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ 57 ਗੇਂਦਾਂ ਦੀ ਪਾਰੀ ਵਿੱਚ 20 ਚੌਕੇ ਸ਼ਾਮਲ ਸਨ। ਅਫਰੀਕੀ ਟੀਮ ਲਈ ਸੇਸ਼ਨੀ ਨਾਇਡੂ, ਮਿਆਨੇ ਸਮਿਥ ਅਤੇ ਮੈਡੀਸਨ ਲੈਂਡਸਮੈਨ ਨੇ ਇਕ-ਇਕ ਵਿਕਟ ਲਈ।
ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਦਾ ਦੂਜਾ ਮੈਚ 16 ਜਨਵਰੀ ਨੂੰ ਯੂਏਈ ਨਾਲ ਹੋਵੇਗਾ।























